
ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਪੰਜਾਬੀ ਸ਼ਬਦ-ਜੋੜਾਂ(Punjabi Spelling) ਦਾ ਪਹਿਲਾ ਨਿਯਮ ਹੈ – “ਜਿਵੇਂ ਬੋਲੋ ਤਿਵੇਂ ਲਿਖੋ” । ਪਰੰਤੂ ਇਸ ਨਿਯਮ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਆ ਜਾਂਦੀਆਂ ਹਨ, ਕਿਉਂਕਿ ਬੋਲਚਾਲ ਦੀ ਭਾਸ਼ਾ ਅਤੇ ਲਿਖਤੀ ਭਾਸ਼ਾ ਵਿੱਚ ਬਹੁਤ ਫਰਕ ਹੁੰਦਾ ਹੈ।
ਸਮੇਂ ਦੇ ਬੀਤਣ ਨਾਲ ਪੰਜਾਬੀ ਭਾਸ਼ਾ ਦੇ ਧੁਨੀ ਵਿਉਂਤ ਅਤੇ ਉਚਾਰਨ ਪੈਟਰਨ ਵਿੱਚ ਬਹੁਤ ਸਾਰਾ ਪਰਿਵਰਤਨ ਆਇਆ ਹੈ। ਕੁਝ ਨਵੀਆਂ ਧੁਨੀਆਂ ਪ੍ਰਵੇਸ਼ ਹੋ ਗਈਆਂ ਹਨ ਅਤੇ ਕੁਝ ਧੁਨੀਆਂ ਉਚਾਰਨ ਪੱਧਰ ’ਤੇ ਅਲੋਪ ਹੋ ਰਹੀਆਂ ਹਨ। ਇਸ ਲਈ ਉਚਾਰਨ ਪੱਧਰ ’ਤੇ ਸ਼ਬਦ-ਜੋੜਾਂ ਦੀ ਸ਼ੁੱਧਤਾ ਵਿੱਚ ਸਭ ਤੋਂ ਪਹਿਲੀ ਰੁਕਾਵਟ ਹੈ – ‘ਵਿਅਕਤੀਗਤ ਉਚਾਰਨ’ , ਭਾਵ ਇੱਕੋ ਸ਼ਬਦ ਨੂੰ ਵੱਖ-ਵੱਖ ਵਿਅਕਤੀਆਂ ਵੱਲੋਂ ਵੱਖ-ਵੱਖ ਤਰ੍ਹਾਂ ਉਚਾਰਿਆ ਜਾਣਾ; ਜਿਵੇਂ:
- ਪੈਹਾ (ਪੈਸਾ)
- ਹਾਡਾ (ਸਾਡਾ)
- ਮਰੂਦ (ਅਮਰੂਦ)
ਇਸੇ ਤਰ੍ਹਾਂ, ਅੱਜ-ਕੱਲ੍ਹ ਸ਼ਹਿਰਾਂ ਵਿੱਚ ਵੱਸਣ ਵਾਲੇ ਲੋਕ ‘ਹਿੰਦੀਨੁਮਾ ਪੰਜਾਬੀ ’ ਬੋਲ ਰਹੇ ਹਨ; ਜਿਵੇਂ:
- ਖਾਨਾ (ਖਾਣਾ)
- ਪਾਨੀ (ਪਾਣੀ)
- ਆਂਦਾ (ਆਉਂਦਾ)
- ਜ਼ਾਦਾ (ਜ਼ਿਆਦਾ)
ਸ਼ਬਦ-ਜੋੜ ਵਿੱਚ ਰੁਕਾਵਟਾਂ ਕਿਉਂ?
ਸ਼ਬਦ-ਜੋੜ ਦੀ ਸਹੀ ਜਾਣਕਾਰੀ ਸਿਰਫ਼ ਲਿਖਤੀ ਸਹੀ ਹੋਣ ਲਈ ਹੀ ਨਹੀਂ, ਸਗੋਂ ਸ਼ਬਦ ਦੇ ਅਰਥ ਨੂੰ ਸਪੱਸ਼ਟ ਕਰਨ ਲਈ ਵੀ ਮਹੱਤਵਪੂਰਨ ਹੈ। ਇੱਕ ਸ਼ਬਦ ਦੇ ਜੋੜ ਵਿੱਚ ਛੋਟੀ ਜਿਹੀ ਗਲਤੀ ਵੀ ਅਰਥ ਨੂੰ ਬਦਲ ਸਕਦੀ ਹੈ। ਉਦਾਹਰਨ ਲਈ:
- ਸੰਗ (ਸ਼ਰਮ) vs ਸੰਘ (ਗਲ਼ਾ)
- ਬਾਗ (ਬਗੀਚਾ) vs ਬਾਘ (ਬਘਿਆੜ)
ਇਹ ਨਾ ਸਿਰਫ਼ ਲਿਖਤੀ ਗਲਤੀਆਂ ਹਨ, ਸਗੋਂ ਭਾਸ਼ਾ ਦੀ ਪਛਾਣ ਅਤੇ ਸਹੀ ਸੰਚਾਰ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੀਆਂ ਹਨ।
ਸ਼ਬਦ-ਜੋੜ ਕੀ ਹੈ?
ਸ਼ਬਦ ਵਰਨਾਂ, ਲਗਾਂ ਅਤੇ ਲਗਾਖਰਾਂ ਦੇ ਸੰਜੋਗ ਤੋਂ ਬਣਦਾ ਹੈ; ਜਿਵੇਂ:
- ਘਰ
- ਸਕੂਲ
- ਮੁੰਡਾ
ਪੰਜਾਬੀ ਵਿੱਚ 41 ਵਰਨ , 10 ਲਗਾਂ-ਮਾਤਰਾਵਾਂ , 3 ਲਗਾਖਰ ਅਤੇ 3 ਅਰਧ-ਸਵਰ ਹਨ। ਕਿਸੇ ਵੀ ਸ਼ਬਦ ਨੂੰ ਸ਼ੁੱਧ ਰੂਪ ਵਿੱਚ ਲਿਖਣ ਲਈ ਇਨ੍ਹਾਂ ਨੂੰ ਕਿਸੇ ਨਿਸਚਿਤ ਤਰਤੀਬ ਅਨੁਸਾਰ ਜੋੜਿਆ ਜਾਂਦਾ ਹੈ, ਤਾਂ ਹੀ ਸ਼ਬਦ ਸਾਰਥਕ ਬਣਦਾ ਹੈ।
ਸ਼ਬਦ-ਜੋੜ ਦੀ ਸਹੀ ਵਰਤੋਂ ਨਾ ਸਿਰਫ਼ ਲਿਖਤੀ ਸਹੀ ਲਿਖਾਈ ਲਈ ਜ਼ਰੂਰੀ ਹੈ, ਸਗੋਂ ਭਾਸ਼ਾ ਦੇ ਇਤਿਹਾਸ, ਸੱਭਿਆਚਾਰ ਅਤੇ ਸੱਭਿਆਕ ਪਛਾਣ ਨੂੰ ਵੀ ਦਰਸਾਉਂਦੀ ਹੈ। ਇਸ ਲਈ ਪੰਜਾਬੀ ਭਾਸ਼ਾ ਦੇ ਸ਼ਬਦ-ਜੋੜ ਦੀ ਜਾਣਕਾਰੀ ਹਰ ਉਸ ਵਿਅਕਤੀ ਲਈ ਅਹਿਮ ਹੈ ਜੋ ਪੰਜਾਬੀ ਨੂੰ ਸਹੀ ਢੰਗ ਨਾਲ ਲਿਖਣਾ ਅਤੇ ਸਮਝਣਾ ਚਾਹੁੰਦਾ ਹੈ।
ਕਿਉਂ ਮੁਸ਼ਕਲ ਹੈ ਪੰਜਾਬੀ ਦਾ ਸ਼ਬਦ-ਜੋੜ?
ਪੰਜਾਬੀ ਦੇ ਸ਼ਬਦ-ਜੋੜ ਨੂੰ ਮੁਸ਼ਕਲ ਬਣਾਉਣ ਵਿੱਚ ਕਈ ਕਾਰਨ ਸ਼ਾਮਲ ਹਨ:
- ਵਿਅਕਤੀਗਤ ਉਚਾਰਨ : ਇਕੋ ਸ਼ਬਦ ਨੂੰ ਵੱਖ-ਵੱਖ ਲੋਕ ਵੱਖ-ਵੱਖ ਤਰ੍ਹਾਂ ਉਚਾਰਦੇ ਹਨ।
- ਇਲਾਕਾਈ ਲਹਿਜੇ : ਦੁਆਬੇ, ਮਾਲਵੇ, ਮਾਜ਼ਾ ਆਦਿ ਦੇ ਲਹਿਜਿਆਂ ਵਿੱਚ ਕੁਝ ਵਰਨਾਂ ਦੀ ਵਰਤੋਂ ਵੱਖਰੀ ਹੁੰਦੀ ਹੈ।
- ਗੁਰਮੁਖੀ ਵਰਨਮਾਲਾ ਦੀ ਵਿਸ਼ੇਸ਼ਤਾ : ਗੁਰਮੁਖੀ ਵਰਨਮਾਲਾ ਦੇ ਚੌਥੇ ਅੱਖਰ (ਘ, ਝ, ਧ, ਭ ) ਲਿਖਤੀ ਰੂਪ ਵਿੱਚ ਤਾਂ ਆਉਂਦੇ ਹਨ, ਪਰ ਉਚਾਰਨ ਪੱਧਰ ’ਤੇ ਇਨ੍ਹਾਂ ਦੀ ਥਾਂ ਸੁਰ ਲੈ ਲੈਂਦੀ ਹੈ। ਪੰਜਾਬੀ ਵਿੱਚ ਅਜਿਹੀ ਸੁਰ ਨੂੰ ਅੰਕਿਤ ਕਰਨ ਦੀ ਕੋਈ ਪ੍ਰਣਾਲੀ ਅਜੇ ਨਹੀਂ ਬਣੀ।
- ਕੰਨੇ ਦੀ ਵਰਤੋਂ : ਕੰਨੇ ਦੀ ਵਰਤੋਂ ਵਿੱਚ ਵੀ ਅਕਸਰ ਭੁਲੇਖੇ ਹੁੰਦੇ ਹਨ, ਜਿਵੇਂ:
- ਆਸਾਨ → ਅਸਾਨ
- ਬਾਰੀਕ → ਬਰੀਕ
ਪੰਜਾਬੀ ਸ਼ਬਦ-ਜੋੜ ਸਿਰਫ਼ ਇੱਕ ਲਿਖਤੀ ਪ੍ਰਕਿਰਿਆ ਨਹੀਂ, ਸਗੋਂ ਭਾਸ਼ਾ ਦੀ ਆਤਮਾ ਹੈ। ਜਦੋਂ ਅਸੀਂ ਕਿਸੇ ਸ਼ਬਦ ਨੂੰ ਸਹੀ ਤਰ੍ਹਾਂ ਲਿਖਦੇ ਹਾਂ, ਤਾਂ ਉਸ ਦੀ ਪੂਰੀ ਆਤਮਾ ਨੂੰ ਸਮਝਦੇ ਹਾਂ। ਪੰਜਾਬੀ ਭਾਸ਼ਾ ਦੀ ਪਛਾਣ ਨੂੰ ਸੁਰੱਖਿਅਤ ਰੱਖਣ ਲਈ ਸ਼ਬਦ-ਜੋੜ ਦੀ ਸਹੀ ਜਾਣਕਾਰੀ ਜ਼ਰੂਰੀ ਹੈ।
ਸ਼ਬਦਾਂ ਨੂੰ ਸ਼ੁੱਧ ਰੂਪ ਵਿੱਚ ਲਿਖਣ ਲਈ ਵਿਦਵਾਨਾਂ ਨੇ ਕੁਝ ਨਿਯਮ ਬਣਾਏ ਹਨ, ਜੋ ਇਸ ਪ੍ਰਕਾਰ ਹਨ :
ਵਰਨਾਂ ਦੀ ਵਤਤੋਂ ਸੰਬੰਧੀ
ਪੰਜਾਬੀ ਵਰਨਮਾਲਾ ਵਿੱਚ ਕੁਝ ਵਰਨ ਅਜਿਹੇ ਹਨ, ਜਿਨ੍ਹਾਂ ਦੀ ਸੁਰ ਆਪਸ ਵਿੱਚ ਰਲ਼ਦੀ-ਮਿਲ਼ਦੀ ਹੁੰਦੀ ਹੈ । ਇਸ ਲਈ ਇਹੋ ਜਿਹੇ ਸ਼ਬਦਾਂ ਨੂੰ ਲਿਖਣ ਅਕਸਰ ਭੂਲੇਖੇ ਦੀ ਗੁੰਜਾਇਸ਼ ਬਣੀ ਰਹਿੰਦੀ ਹੈ ; ਜਿਵੇਂ :
1. ਤੀਜੇ ਅਤੇ ਚੌਥੇ ਵਰਗ ਦੇ ਵਰਨਾਂ ਦੀ ਵਰਤੋਂ :
ਪੰਜਾਬੀ ਵਰਨਮਾਲਾ ਦੇ ਤੀਜੇ ਵਰਗ (ਗ, ਜ, ਡ, ਦ, ਬ) ਅਤੇ ਚੌਥੇ ਵਰਗ (ਘ, ਝ, ਢ, ਧ, ਭ) ਦੇ ਵਰਨਾਂ ਦੀ ਸੁਰ ਰਲ਼ਦੀ-ਮਿਲ਼ਦੀ ਹੁੰਦੀ ਹੈ, ਪਰ ਲਿਖਣ ਵੇਲੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੀਜਾ ਵਰਗ ਅਲਪ ਪ੍ਰਾਣ ਹੈ ਅਤੇ ਚੌਥਾ ਵਰਗ ਮਹਾਂ ਪ੍ਰਾਣ ਧੁਨੀਆਂ ਵਾਲਾ ਹੈ । ਇਸ ਲਈ ਉਚਾਰਨ ਦਾ ਧਿਆਨ ਰੱਖਦੇ ਹੋਏ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।
1. ‘ਗ’ ਅਤੇ ‘ਘ’ ਦੀ ਵਰਤੋਂ
| ਅਸ਼ੁੱਧ | ਸ਼ੁੱਧ | ਅਸ਼ੁੱਧ | ਸ਼ੁੱਧ |
|---|---|---|---|
| ਉਗ-ਸੁਗ | ਉੱਘ-ਸੁੱਘ | ਡਾਂਘ | ਡਾਂਗ |
| ਪੱਘ | ਪੱਗ | ਤਾਂਗ | ਤਾਂਘ |
| ਜਾਘ | ਜਾਗ | ਚੰਘਾ | ਚੰਗਾ |
| ਕੰਗੀ | ਕੰਘੀ | ਠੂੰਘਾ | ਠੂੰਗਾ |
| ਡੂੰਗਾ | ਡੂੰਘਾ | ਬਰਿਆੜ | ਬਘਿਆੜ |
| ਲਾਘ | ਲਾਗ | ਮੰਹਿਘਾਈ | ਮਹਿੰਗਾਈ |
| ਮਾਗੀ | ਮਾਘੀ | ਝੱਘ | ਝੱਗ |
| ਗਾਘਰ | ਗਾਗਰ |
‘ਗ’ ਅਤੇ ‘ਘ’ ਵਿੱਚ ਅਰਥ-ਭਿੰਨਤਾ :
- ਸੰਗ (ਸ਼ਰਮ) vs ਸ਼ੰਘ (ਗਲ਼ਾ)
- ਬਾਗ (ਬਗੀਚਾ) vs ਬਾਘ (ਬਘਿਆੜ)
- ਉੱਗ (ਉੱਗਣਾ) vs ਉੱਘ (ਖ਼ਬਰ)
- ਸੰਗਣਾ (ਸ਼ਰਮਾਉਣਾ) vs ਸੰਘਣਾ (ਗਾੜ੍ਹਾ)
- ਨਿੱਗਰ (ਠੋਸ) vs ਨਿੱਘਰ (ਕਮਜ਼ੋਰ)
- ਬੱਗੀ (ਚਿੱਟੀ) vs ਬੱਘੀ (ਗੱਡੀ)
- ਗੋਲ਼ (ਗੋਲ਼ਾਕਾਰ) vs ਘੋਲ਼ (ਤਰਲ)
- ਗੁਣ (ਵਿਸ਼ੇਸ਼ਤਾ) vs ਘੁਣ (ਕੀੜਾ)
- ਜੰਗ (ਲੜਾਈ) vs ਜੰਘ (ਲੱਤ /ਪੱਟ)
ਪੜ੍ਹਨਯੋਗ ਤੱਥ:
ਪੰਜਾਬੀ ਵਿੱਚ “ਗ” ਅਤੇ “ਘ” ਦੀ ਧੁਨੀ ਬਹੁਤ ਨੇੜਲੀ ਹੈ, ਪਰ ਇਹਨਾਂ ਦੀ ਵਰਤੋਂ ਵਿੱਚ ਫਰਕ ਕਾਰਨ ਅਰਥ ਵੀ ਬਦਲ ਜਾਂਦੇ ਹਨ। ਉਦਾਹਰਨ ਲਈ, ਸ਼ਬਦ “ਬਾਗ” ਦਾ ਮਤਲਬ ਹੁੰਦਾ ਹੈ – ਬਗੀਚਾ, ਜਦੋਂ ਕਿ “ਬਾਘ” ਦਾ ਮਤਲਬ ਹੁੰਦਾ ਹੈ – ਜੰਗਲੀ ਜਾਨਵਰ। ਇਸ ਲਈ ਸ਼ਬਦ-ਜੋੜ ਵਿੱਚ ਸਾਵਧਾਨੀ ਬਹੁਤ ਜ਼ਰੂਰੀ ਹੈ।
2. ‘ਜ’ ਅਤੇ ‘ਝ’ ਦੀ ਵਰਤੋਂ
| ਅਸ਼ੁੱਧ | ਸ਼ੁੱਧ | ਅਸ਼ੁੱਧ | ਸ਼ੁੱਧ |
|---|---|---|---|
| ਸਮਜ | ਸਮਝ | ਪੰਝਾਹ | ਪੰਜਾਹ |
| ਸੰਜ | ਸੰਝ | ਸਾਂਜ | ਸਾਂਝ |
| ਹੰਜੂ | ਹੰਝੂ | ਵਾਂਜਾ | ਵਾਂਝਾ |
| ਰਮਝ | ਰਮਝ | ਪੂੰਜ | ਪੂੰਝ |
| ਪੰਝ | ਪੰਜ | ਹੂੰਜਣਾ | ਹੂੰਝਣਾ |
| ਚੁੰਜ | ਚੁੰਝ | ਸਝ ਧਝ | ਸਜ-ਧਜ |
| ਬੁੱਜਣਾ | ਬੁੱਝਣਾ | ਗੁੱਜਾ | ਗੁੱਝਾ |
| ਭਿੱਝ | ਭਿੱਜ | ਸੋਜੀ | ਸੋਝੀ |
| ਸੂਜ | ਸੂਝ | ਜੰਜ | ਜੰਝ |
| ਜੂਜਣਾ | ਜੂਝਣਾ | ਸੋਝ | ਸੋਜ |
| ਕੁਹਝ | ਕੁਹਜ | ਬੋਜ | ਬੋਝ |
‘ਜ’ ਅਤੇ ‘ਝ’ ਵਿੱਚ ਅਰਥ-ਭਿੰਨਤਾ :
- ਪੰਜੀ (ਪੰਜ ਪੈਸੇ) vs ਪੰਝੀ (25)
- ਸੁੱਜ (ਸੁੱਜਣਾ) vs ਸੁੱਝ (ਸੱਝਣਾ)
- ਬਾਜ (ਟਲ਼ਣਾ) vs ਬਾਝ (ਬਿਨਾਂ)
- ਪੂੰਜੀ (ਸਰਮਾਇਆ) vs ਪੂੰਝੀ (ਸਾਫ਼ ਕੀਤੀ)
- ਜੜ (ਜੜਨਾ) vs ਝੜ (ਟੁੱਟਣਾ)
- ਜੂਠ (ਜੂਠੀ ਚੀਜ਼) vs ਝੂਠ (ਸੱਚ ਦਾ ਉਲਟ)
- ਜੀਲ਼ (ਜਾਲ਼ੀਦਾਰ ਵਸਤ) vs ਝਾਲ (ਪਾਲ਼ਸ਼)
- ਜਸ (ਉਪਮਾ) vs ਝੱਸ (ਝੱਸਣਾ/ਸੁਆਦ)
- ਜਰਨਾ (ਸਹਿਣਾ) vs ਝਰਨਾ (ਆਬਸ਼ਾਰ
ਪੜ੍ਹਨਯੋਗ ਤੱਥ:
ਪੰਜਾਬੀ ਵਿੱਚ “ਜ” ਅਤੇ “ਝ” ਦੀਆਂ ਧੁਨੀਆਂ ਵੀ ਆਪਸ ਵਿੱਚ ਮਿਲ਼ਦੀਆਂ-ਜੁਲ਼ਦੀਆਂ ਹਨ। ਪਰ ਇਹਨਾਂ ਦੀ ਵਰਤੋਂ ਵਿੱਚ ਸਾਵਧਾਨੀ ਨਾ ਰੱਖੀ ਗਈ ਤਾਂ ਇਹ ਸ਼ਬਦ ਪੂਰੀ ਤਰ੍ਹਾਂ ਗਲਤ ਅਰਥ ਦੇ ਸਕਦੇ ਹਨ। ਉਦਾਹਰਨ ਲਈ, ਸੁੱਜ ਅਤੇ ਸੁੱਝ ਵਿੱਚ ਵਰਨ-ਭੇਦ ਹੀ ਨਹੀਂ, ਸਗੋਂ ਅਰਥ-ਭੇਦ ਵੀ ਹੈ।
3. ‘ਡ’ ਅਤੇ ‘ਢ’ ਦੀ ਵਰਤੋਂ
| ਅਸ਼ੁੱਧ | ਸ਼ੁੱਧ | ਅਸ਼ੁੱਧ | ਸ਼ੁੱਧ |
|---|---|---|---|
| ਆਡਾ | ਆਢਾ | ਡੱਢੂ | ਡੱਡੂ |
| ਗੰਡ | ਗੰਢ | ਹੰਡਣ | ਹੰਢਣ |
| ਵੱਢਾ | ਵੱਡਾ | ਕੂੰਢੀ | ਕੂੰਡੀ |
| ਗੱਢੀ | ਗੱਡੀ | ਠੰਡਾ | ਠੰਢਾ |
| ਲੂੱਢੀ | ਲੁੱਡੀ | ਡਾਡੀ | ਡਾਹਢੀ |
| ਕਡਾਈ | ਕਢਾਈ | ਢਾਢੀ | ਢਾਡੀ |
| ਟਿੱਢੀ | ਟਿੱਡੀ | ਚੂੰਡੀ | ਚੂੰਢੀ |
| ਟੇਡੀ | ਟੇਢੀ | ਬੁੱਡਾ | ਬੁੱਢਾ |
| ਗੁਆਂਡ | ਗੁਆਂਢ |
‘ਡ’ ਅਤੇ ‘ਢ’ ਵਿੱਚ ਅਰਥ-ਭਿੰਨਤਾ :
- ਸਾਡੇ (ਅਪਣੇ) vs ਸਾਢੇ (3+1/2)
- ਸੁੰਡ (ਹਾਥੀ ਦਾ ਅੰਗ) vs ਸੁੰਢ (ਪਦਾਰਥ)
- ਕੰਡਾ (ਸੂਲ਼) vs ਕੰਢਾ (ਕਿਨਾਰਾ)
- ਵੱਡੀ (ਜ਼ਿਆਦਾ) vs ਵੱਢੀ (ਰਿਸ਼ਵਤ)
- ਡੱਗਾ (ਢੋਲ ਤੇ ਅਵਾਜ) vs ਢੱਗਾ (ਬਲ਼ਦ)
- ਭੇਲਾ (ਅੱਖ) vs ਢੇਲਾ (ਸਖ਼ਤ ਚੀਜ਼)
- ਡਾਹ (ਰੱਖਣਾ) vs ਢਾਹ (ਢਾਹੁਣਾ)
- ਡਿੱਗ (ਡਿੱਗਣਾ) vs ਢਿੱਗ (ਮਿੱਟੀ ਦੀਆਂ ਢੇਰੀਆਂ)
- ਗੰਡ (ਕਿਸਾਨਾਂ ਦੀ ਵਰਤੋ ਵਾਲ਼ੀ ਵਸਤ) vs ਗੰਢ (ਬੰਨ੍ਹਣਾ)
ਪੜ੍ਹਨਯੋਗ ਤੱਥ:
ਪੰਜਾਬੀ ਦੇ ਕੁਝ ਲਹਿਜਿਆਂ ਵਿੱਚ, ਖਾਸ ਕਰਕੇ ਦੁਆਬੇ ਅਤੇ ਮਾਲਵੇ ਦੇ ਲਹਿਜਿਆਂ ਵਿੱਚ, ਵਰਨਾਂ ਦੀ ਵਰਤੋਂ ਵੱਖਰੀ ਹੁੰਦੀ ਹੈ। ਉਦਾਹਰਨ ਲਈ, ਦੁਆਬੇ ਵਿੱਚ ‘ਵ’ ਦੀ ਥਾਂ ‘ਬ’ ਵਰਤਿਆ ਜਾਂਦਾ ਹੈ, ਜਦੋਂ ਕਿ ਮਾਲਵੇ ਵਿੱਚ ‘ਤੀਵੀਂ’ ਨੂੰ ‘ਤੀਮੀਂ’ ਬੋਲਿਆ ਜਾਂਦਾ ਹੈ। ਇਹ ਲਹਿਜਾਈ ਪ੍ਰਭਾਵ ਸ਼ਬਦ-ਜੋੜ ਵਿੱਚ ਭੁਲੇਖਿਆਂ ਦਾ ਕਾਰਨ ਬਣਦੇ ਹਨ।
4. ‘ਦ’ ਅਤੇ ‘ਧ’ ਦੀ ਵਰਤੋਂ
| ਅਸ਼ੁੱਧ | ਸ਼ੁੱਧ | ਅਸ਼ੁੱਧ | ਸ਼ੁੱਧ |
|---|---|---|---|
| ਗਦਾ | ਗਧਾ | ਧੁੰਧ | ਧੁੰਦ |
| ਦੁੱਦ | ਦੁੱਧ | ਮਦਾਣੀ | ਮਧਾਣੀ |
| ਵਦੀਆ | ਵਧੀਆ | ਸਾਦੂ | ਸਾਧੂ |
| ਮੂਦਾ | ਮੂਧਾ | ਵਦਾਈ | ਵਧਾਈ |
| ਸਿੱਦਾ | ਸਿੱਧਾ | ਯੋਦਾ | ਯੋਧਾ |
| ਦਾਮ | ਧਾਮ | ਦੋਦੀ | ਦੋਧੀ |
| ਮਦਰਾ | ਮਧਰਾ | ਚੋਂਧਾ | ਚੋਂਦਾ |
| ਚੰਧਾ | ਚੰਦਾ | ਗਾਂਦੀ | ਗਾਂਧੀ |
| ਧੰਧਾ | ਧੰਦਾ |
‘ਦ’ ਅਤੇ ‘ਧ’ ਵਿੱਚ ਅਰਥ-ਭਿੰਨਤਾ :
- ਖਾਦੀ (ਖੱਦਰ ਦੀ) vs ਖਾਧੀ (ਖਾ ਲਈ)
- ਗੰਦ (ਗੰਦਾ) vs ਗੰਧ (ਖ਼ੁਸ਼ਬੂ)
- ਬੋਦੀ (ਚੋਟੀ) vs ਬੋਧੀ (ਬੁੱਧ ਮੱਤ)
- ਓਦਰ (ਉਦਾਸ) vs ਓਧਰ (ਉਸ ਪਾਸੇ)
- ਉਦਾਰ (ਭਲਾ) vs ਉਧਾਰ (ਨਕਦ ਦਾ ਉਲਟ)
- ਦਾਤ (ਬਖ਼ਸ਼ਿਸ਼) vs ਧਾਤ (ਪਦਾਰਥ)
- ਸਦਰ (ਵੱਡਾ) vs ਸੱਧਰ (ਰੀਝ)
- ਮਦਰਾ (ਸ਼ਰਾਬ) vs ਮਧਰਾ (ਛੋਟੇ ਕੱਦ ਵਾਲ਼ਾ)
- ਵਾਦੀ (ਆਦਤ) vs ਵਾਦੀ (ਆਦਤ)
5. ‘ਬ’ ਅਤੇ ‘ਭ’ ਦੀ ਵਰਤੋਂ
| ਅਸ਼ੁੱਧ | ਸ਼ੁੱਧ | ਅਸ਼ੁੱਧ | ਸ਼ੁੱਧ |
|---|---|---|---|
| ਸਬ | ਸਭ | ਟੁੱਬੀ | ਟੁੱਭੀ |
| ਖੰਬ | ਖੰਭ | ਲੋਬ | ਲੋਭ |
| ਜੇਭ | ਜੇਬ | ਭੰਭੀਰੀ | ਭੰਬੀਰੀ |
| ਸ਼ੋਬਾ | ਸ਼ੋਭਾ | ਲਾਬ | ਲਾਭ |
| ਭਾਭੀ | ਭਾਬੀ | ਭਾਂਭੜ | ਭਾਂਬੜ |
| ਰੱਭ | ਰੱਬ | ਸਾਂਬ | ਸਾਂਭ |
| ਚੱਭ | ਚੱਬ | ਘਭਰਾਹਟ | ਘਬਰਾਹਟ |
| ਗੋਬੀ | ਗੋਭੀ |

‘ਬ’ ਅਤੇ ‘ਭ’ ਵਿੱਚ ਅਰਥ-ਭਿੰਨਤਾ :
- ਬੇਟਾ (ਪੁੱਤਰ) vs ਭੇਟਾ (ਦਖਸ਼ਣਾ)
- ਬੋਲੀ (ਭਾਸ਼ਾ) vs ਭੋਲ਼ੀ (ਮਸੂਮ)
- ਦੱਬ (ਘੁੱਟ/ਜ਼ੋਰ) vs ਦੱਭ (ਘਾਹ)
- ਨਿੱਬ (ਪੈੱਨ ਦੀ ਚੁੰਝ) vs ਨਿਭ (ਗੁਜ਼ਰ)
- ਸਬ (ਛੋਟਾ) vs ਸਭ (ਸਾਰੇ)
- ਬਾਈ (22 ਗਿਣਤੀ) vs ਭਾਈ (ਭਰਾ)
- ਲੱਬ (ਲਾਲਚ) vs ਲੱਭ (ਲੱਭਣਾ)
- ਬੀੜਾ (ਬਟਨ) vs ਭੀੜਾ (ਤੰਗ)
- ਬਾਰੀ (ਦਰਵਾਜ਼ਾ) vs ਭਾਰੀ (ਭਾਰਾ, ਜ਼ਿਆਦਾ)
- ਬਾਲ (ਬੱਜਾ) vs ਭਾਲ਼ (ਲੱਭਣਾ)
- ਬਲਵਾਨ (ਬਹਾਦਰ) vs ਭਲਵਾਨ (ਪਹਿਲਵਾਨ)
- ਬੱਲੇ (ਸ਼ਾਬਾਸ਼, ਕ੍ਰਿਕਟ ਦੇ ਬੱਲੇ) vs ਭੱਲੇ (ਖਾਣ ਵਾਲ਼ਾ ਪਦਾਰਥ)
ਪੜ੍ਹਨਯੋਗ ਤੱਥ:
ਪੰਜਾਬੀ ਵਿੱਚ ‘ਭ’ ਦੀ ਧੁਨੀ ਕਾਫੀ ਕਮਜ਼ੋਰ ਹੁੰਦੀ ਹੈ ਅਤੇ ਕਈ ਥਾਵਾਂ ’ਤੇ ਹਟਾ ਦਿੱਤੀ ਜਾਂਦੀ ਹੈ, ਜਿਸ ਕਾਰਨ ਇਸ ਦੀ ਜਗ੍ਹਾ ‘ਬ’ ਲੈ ਲੈਂਦੀ ਹੈ। ਇਸ ਨੂੰ ਸਹੀ ਸਮਝਣ ਲਈ ਸ਼ਬਦ ਦੇ ਮੂਲ ਅਤੇ ਉਚਾਰਨ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਕੰਨੇ ਦੀ ਵਰਤੋਂ ਵਿੱਚ ਭੁਲੇਖਾ
| ਅਸ਼ੁੱਧ | ਸ਼ੁੱਧ | ਅਸ਼ੁੱਧ | ਸ਼ੁੱਧ |
|---|---|---|---|
| ਆਸਾਨ | ਅਸਾਨ | ਆਸਮਾਨ | ਅਸਮਾਨ |
| ਬਾਰੀਕ | ਬਰੀਕ | ਸਾਕਾਰ | ਸਕਾਰ |
| ਆਰੰਭ | ਅਰੰਭ | ਆਹਾਰ | ਅਹਾਰ |
| ਆਵਾਰਾ | ਅਵਾਰਾ | ਜਾਗੀਰ | ਜਗੀਰ |
| ਨਾਜਾਇਜ਼ | ਨਜਾਇਜ਼ | ਮਾਸੂਮ | ਮਸੂਮ |
| ਪਾਜਾਮਾ | ਪਜਾਮਾ | ਨਾਰਾਜ਼ | ਨਰਾਜ਼ |
| ਬਾਦਾਮ | ਬਦਾਮ |
ਪੜ੍ਹਨਯੋਗ ਤੱਥ:
ਪੰਜਾਬੀ ਵਿੱਚ ਕੰਨਾ ਲਾਉਣ ਦੀ ਪ੍ਰਕਿਰਿਆ ਵੀ ਇੱਕ ਸ਼ਬਦ ਦੇ ਉਚਾਰਨ ਅਤੇ ਮੂਲ ’ਤੇ ਨਿਰਭਰ ਕਰਦੀ ਹੈ। ਕੁਝ ਸ਼ਬਦਾਂ ਵਿੱਚ ਕੰਨਾ ਲੱਗਣਾ ਜ਼ਰੂਰੀ ਹੁੰਦਾ ਹੈ, ਜਦੋਂ ਕਿ ਕੁਝ ਵਿੱਚ ਕੰਨਾ ਲਾਉਣ ਨਾਲ ਸ਼ਬਦ ਗਲਤ ਹੋ ਜਾਂਦਾ ਹੈ। ਇਸ ਲਈ ਕੰਨੇ ਦੀ ਵਰਤੋਂ ਵਿੱਚ ਸਾਵਧਾਨੀ ਬਹੁਤ ਜ਼ਰੂਰੀ ਹੈ।
ਕਿਉਂ ਮਹੱਤਵਪੂਰਨ ਹੈ ਪੰਜਾਬੀ ਸ਼ਬਦ-ਜੋੜ(Punjabi Spelling)?
ਸ਼ਬਦ-ਜੋੜ ਸਿਰਫ਼ ਲਿਖਤੀ ਸਹੀ ਹੋਣ ਲਈ ਨਹੀਂ, ਸਗੋਂ ਭਾਸ਼ਾ ਦੇ ਅਰਥ ਅਤੇ ਪਰੰਪਰਾ ਨੂੰ ਸਮਝਣ ਲਈ ਵੀ ਜ਼ਰੂਰੀ ਹੈ। ਜਿਵੇਂ ਕਿਸੇ ਸ਼ਬਦ ਦੇ ਜੋੜ ਵਿੱਚ ਛੋਟੀ ਜਿਹੀ ਗਲਤੀ ਵੀ ਅਰਥ ਨੂੰ ਬਦਲ ਸਕਦੀ ਹੈ, ਉਸੇ ਤਰ੍ਹਾਂ ਸਹੀ ਸ਼ਬਦ-ਜੋੜ ਸਹੀ ਅਰਥ ਨੂੰ ਸਪਸ਼ਟ ਕਰਦਾ ਹੈ।
ਪੰਜਾਬੀ ਸ਼ਬਦ-ਜੋੜ ਦੀ ਸਹੀ ਵਰਤੋਂ ਨਾਲ ਸਾਡੀ ਲਿਖਤ ਨਾ ਸਿਰਫ਼ ਸਹੀ ਹੁੰਦੀ ਹੈ, ਸਗੋਂ ਸਪਸ਼ਟ, ਪ੍ਰਭਾਵਸ਼ਾਲੀ ਅਤੇ ਸੰਚਾਰ ਵਿੱਚ ਸੁਧਾਰ ਵੀ ਆਉਂਦਾ ਹੈ।
ਨਿਯਮਾਂ ਦੀ ਮਹੱਤਤਾ
ਪੰਜਾਬੀ ਸ਼ਬਦ-ਜੋੜ ਦੇ ਨਿਯਮਾਂ ਦੀ ਪਾਲਣਾ ਨਾਲ ਅਸੀਂ ਭਾਸ਼ਾ ਦੀ ਸਹੀ ਪਰੰਪਰਾ ਨੂੰ ਅੱਗੇ ਲਿਜਾ ਸਕਦੇ ਹਾਂ। ਇਹ ਨਿਯਮ ਸਾਡੀ ਭਾਸ਼ਾ ਨੂੰ ਸੁਸੰਗਠਿਤ, ਸਪਸ਼ਟ ਅਤੇ ਸਮਝਯੋਗ ਬਣਾਉਂਦੇ ਹਨ। ਇਸ ਲਈ ਪੰਜਾਬੀ ਸਿੱਖਦੇ ਹਰ ਵਿਅਕਤੀ ਲਈ ਇਹ ਨਿਯਮ ਜ਼ਰੂਰੀ ਹਨ।










