ਪੰਜਾਬੀ ਭਾਸ਼ਾ ਵਿੱਚ ਸ਼ਬਦ-ਰਚਨਾ ਜੋ ਕਿ ਇੱਕ ਬੁਨਿਆਦੀ ਤੇ ਬਹੁੱਤ ਮਹੱਤਵਪੂਰਨ ਵਿਸ਼ਾ ਹੈ। ਜਿਵੇਂ ਕਿ ਅਸੀਂ ਪਹਿਲਾਂ ਦੇ ਲੇਖਾਂ ਵਿੱਚ ਤਤਸਮ ਸ਼ਬਦ, ਲਗਾਖਰਾਂ ਅਤੇ ਲਗਾਂ-ਮਾਤਰਾਵਾਂ ਦੀ ਵਰਤੋਂ ਬਾਰੇ ਪੜ੍ਹਿਆ ਹੈ, ਓਸੇ ਤਰ੍ਹਾਂ ਹੀ ਅੱਜ ਅਸੀਂ ਉਤਪੰਨ ਸ਼ਬਦਾਂ ਬਾਰੇ ਜਾਣਾਂਗੇ ਇਸ ਲੇਖ ਵਿਚ ਪੜ੍ਹਾਗੇ।
ਉਤਪੰਨ ਸ਼ਬਦ (Derived Words) ਉਹ ਸ਼ਬਦ ਹਨ ਜੋ ਕਿਸੇ ਮੂਲ ਸ਼ਬਦ ਨਾਲ ਅਗੇਤਰ (prefix) ਜਾਂ ਪਿਛੇਤਰ (suffix) ਨੂੰ ਜੋੜ ਕੇ ਬਣਦੇ ਹਨ। ਇਹ ਵਿਸ਼ਾ ਨਾ ਸਿਰਫ਼ ਭਾਸ਼ਾ ਦੀ ਸੁੰਦਰਤਾ ਨੂੰ ਦਰਸਾਉਂਦਾ ਹੈ, ਸਗੋਂ ਪ੍ਰਤੀਯੋਗੀ ਪਰੀਖਿਆਵਾਂ ਵਿੱਚ ਵੀ ਬਹੁਤ ਵਾਰ Direct ਪੁੱਛਿਆ ਜਾਂਦਾ ਹੈ। ਇਸ ਲਈ, ਇਸਦੀ ਸਪੱਸ਼ਟ ਸਮਝ ਤੁਹਾਡੀ ਤਿਆਰੀ ਨੂੰ ਹੋਰ ਮਜ਼ਬੂਤ ਕਰੇਗੀ।
ਉਤਪੰਨ ਸ਼ਬਦ (Derived Words)
ਪੰਜਾਬੀ ਭਾਸ਼ਾ ਵਿੱਚ ਬਹੁਤ ਸਾਰੇ ਸ਼ਬਦ ਮੂਲ ਸ਼ਬਦ ਤੋਂ ਬਣਦੇ ਹਨ। ਜਦੋਂ ਵਿ ਕਿਸੇ ਮੂਲ ਸ਼ਬਦ ਦੇ ਨਾਲ ਅਗੇਤਰ (prefix) ਜਾਂ ਪਿਛੇਤਰ (suffix) ਜੋੜਿਆ ਜਾਂਦਾ ਹੈ, ਤਾਂ ਇਕ ਨਵਾਂ ਸ਼ਬਦ ਬਣਦਾ ਹੈ। ਇਸੇ ਨੂੰ ਉਤਪੰਨ ਸ਼ਬਦ ਕਿਹਾ ਜਾਂਦਾ ਹੈ।
ਉਦਾਹਰਨ:-
1. ਮਨਪਸੰਦ: ਇਸ ਸ਼ਬਦ ਵਿੱਚ ਮੂਲ ਸ਼ਬਦ ’ਪਸੰਦ’ ਹੈ ਅਤੇ ਇਸ ਨਾਲ਼ ਅਗੇਤਰ ’ਮਨ’ ਲੱਗਾ ਹੈ।
ਮਨ + ਪਸੰਦ = ਮਨਪਸੰਦ
ਇੱਥੇ “ਮਨ” ਅੱਗੇ ਲੱਗ ਕੇ ਸ਼ਬਦ ਦਾ ਅਰਥ ਨਵਾਂ ਵਨਾ ਦਿੰਦਾ ਹੈ।
2. ਨਾਟਕਕਾਰ: ਇਸ ਸ਼ਬਦ ਵਿੱਚ ਮੂਲ ਸ਼ਬਦ ‘ਨਾਟਕ’ ਹੈ ਅਤੇ ਇਸ ਨਾਲ਼ ਪਿਛੇਤਰ ‘ਕਾਰ’ ਲੱਗਾ ਹੈ।
ਨਾਟਕ + ਕਾਰ = ਨਾਟਕਕਾਰ।
ਇੱਥੇ “ਕਾਰ” ਪਿੱਛੇ ਲੱਗ ਕੇ ਨਵਾਂ ਸ਼ਬਦ ਬਣਾਉਂਦਾ ਹੈ, ਜਿਸਦਾ ਅਰਥ ਹੈ – ਨਾਟਕ ਲਿਖਣ ਵਾਲਾ।
ਉਤਪੰਨ ਸ਼ਬਦਾਂ (Derived Words) ਦੇ ਪ੍ਰਕਾਰ
ਉਤਪੰਨ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਹਨ:
- ਅਗੇਤਰ ਲੱਗੇ ਸ਼ਬਦ (Prefix Words)
- ਪਿਛੇਤਰ ਲੱਗੇ ਸ਼ਬਦ (Suffix Words)
ਅਗੇਤਰ ਲੱਗੇ ਸ਼ਬਦ (Prefix Words)
ਪੰਜਾਬੀ ਭਾਸ਼ਾ ਵਿੱਚ ਅਗੇਤਰ ਲੱਗੇ ਸ਼ਬਦ (Prefix Words) ਉਹ ਹੁੰਦੇ ਹਨ ਜੋ ਕਿਸੇ ਮੂਲ ਸ਼ਬਦ ਦੇ ਅੱਗੇ ਲੱਗ ਕੇ ਨਵਾਂ ਤੇ ਸਾਰਥਕ ਸ਼ਬਦ ਨੂੰ ਬਣਾਉਂਦੇ ਹਨ।
ਉਦਾਹਰਨ:-
- ਬਹੁਪਰਤੀ → ਬਹੁ (ਅਗੇਤਰ) + ਪਰਤੀ (ਮੂਲ ਸ਼ਬਦ)
- ਅਤਿਕਥਨੀ → ਅਤਿ (ਅਗੇਤਰ) + ਕਥਨੀ (ਮੂਲ ਸ਼ਬਦ)
- ਬਦਕਿਸਮਤ → ਬਦ (ਅਗੇਤਰ) + ਕਿਸਮਤ (ਮੂਲ ਸ਼ਬਦ)
ਇੱਥੇ “ਬਹੁ”, “ਅਤਿ” ਅਤੇ “ਬਦ” ਅਗੇਤਰ ਹਨ। ਇਹਨਾਂ ਨੇ ਮੂਲ ਸ਼ਬਦਾਂ ਦੇ ਅਰਥ ਨੂੰ ਵਧਾ ਕੇ ਨਵਾਂ ਸ਼ਬਦ ਬਣਾਇਆ।
ਇੱਥੇ ਧਿਆਨ ਰੱਖਣ ਯੋਗ ਇਹ ਹੈ ਕਿ ਅਗੇਤਰ ਵੀ ਸਾਰਥਕ ਹੁੰਦੇ ਹਨ ਤੇ ਉਨ੍ਹਾਂ ਨੂੰ ਜਿਹੜੇ ਮੂਲ ਸ਼ਬਦਂ ਨਾਲ਼ ਜੋੜਿਆ ਜਾਂਦਾ ਹੈ, ਉਹ ਵੀ ਸਾਰਥਕ ਹੁੰਦੇ ਹਨ ਅਤੇ ਇਨ੍ਹਾਂ ਦੇ ਜੋੜ ਜਿਹੜਾ ਨਵਾਂ ਸ਼ਬਦ ਬਣਦਾ ਹੈ, ਉਹ ਵੀ ਸਾਰਥਕ ਹੁੰਦਾ ਹੈ; ਜਿਵੇਂ:
- ਅਗੇਤਰ ਆਪਣੇ ਆਪ ਵੀ ਅਰਥ ਵਾਲੇ ਹੁੰਦੇ ਹਨ।
ਜਿਵੇਂ ਬਦ = ਬੁਰਾ, ਸੁ = ਚੰਗਾ, ਅਤਿ = ਬਹੁਤ। - ਮੂਲ ਸ਼ਬਦ ਵੀ ਅਰਥ ਵਾਲਾ ਹੁੰਦਾ ਹੈ।
ਜਿਵੇਂ ਕਿਸਮਤ, ਕਥਨੀ, ਪਰਤੀ। - ਦੋਹਾਂ ਦੇ ਮਿਲਾਪ ਨਾਲ ਬਣਿਆ ਨਵਾਂ ਸ਼ਬਦ ਵੀ ਅਰਥ ਵਾਲਾ ਹੁੰਦਾ ਹੈ।
ਜਿਵੇਂ ਬਦਕਿਸਮਤ = ਬੁਰੇ ਨਸੀਬ ਵਾਲਾ।
ਪਰ ਜੇਕਰ ਕਿਸੇ ਸ਼ਬਦ ਨੂੰ ਤੋੜਿਆ ਜਾਵੇ ਅਤੇ ਉਸ ਵਿੱਚੋਂ ਨਾ ਤਾਂ ਮੂਲ ਸ਼ਬਦ ਦਾ ਕੋਈ ਅਰਥ ਬਣੇ ਅਤੇ ਨਾ ਹੀ ਅਗੇਤਰ (Prefix) ਦਾ ਕੋਈ ਅਰਥ ਬਣੇ, ਤਾਂ ਉਹ ਸ਼ਬਦ “ਅਗੇਤਰ ਵਾਲ਼ਾ ਸ਼ਬਦ” ਨਹੀਂ ਮੰਨਿਆ ਜਾਂਦਾ।
ਉਦਾਹਰਨ:
- ਬਦ (ਬੁਰਾ) + ਕਿਸਮਤ (ਨਸੀਬ) = ਬਦਕਿਸਮਤ
- ਬਦ (ਬੁਰਾ) + ਸੂਰਤ (ਚਿਹਰਾ) = ਬਦਸੂਰਤ
- ਬਦ (ਬੁਰਾ) + ਰੰਗ (ਰੰਗ) = ਬਦਰੰਗ
ਅਗੇਤਰਾਂ ਤੋਂ ਬਣੇ ਉਤਪੰਨ ਸ਼ਬਦ
ਹੇਠਾਂ ਮਹੱਤਵਪੂਰਨ ਅਗੇਤਰ (Prefixes) ਦਿੱਤੇ ਹਨ ਜਿਨ੍ਹਾਂ ਨਾਲ ਨਵੇਂ ਉਤਪੰਨ ਸ਼ਬਦ ਬਣਦੇ ਹਨ। ਇਹ ਸੂਚੀ ਪ੍ਰਤੀਯੋਗੀ ਪਰੀਖਿਆਵਾਂ ਵਿੱਚ ਬਹੁਤ ਵਾਰ ਪੁੱਛੀ ਜਾਂਦੀ ਹੈ।
- ਉ (ਉੱਪਰ ਨੂੰ): ਉਲੱਦਣਾ, ਉਲੰਘਣਾ, ਉਖੜਨਾ।
- ਉਪ (ਛੋਟਾ): ਉਪ-ਭਾਸ਼ਾ, ਉਪ-ਨਾਮ, ਉਪ-ਮੰਤਰੀ, ਉਪ-ਵਾਕ, ਉਪ-ਰਾਸ਼ਟਰਪਤੀ।
- ਉਨ (ਗਿਣਤੀ ਵਜੋਂ ਇੱਕ ਘੱਟ): ਉਨਤਾਲੀ (ਉਨ+ਚਾਲ਼ੀ), ਉਨਾਹਠ (ਉਨ+ਸੱਠ), ਉਨਾਸੀ (ਉਨ + ਅੱਸੀ), ਉਨੰਜਾ (ਉਨ + ਪੰਜਾਹ), ਉਨੱਤੀ (ਉਨ + ਤੀਹ) (ਗਿਣਤੀ)।
- ਉੱਚ (ਉੱਚਾ, ਵੱਡਾ): ਉੱਚ-ਕੋਟੀ, ਉੱਚ-ਵਿੱਦਿਆ, ਉੱਚ-ਨਿਆਂਲਾ, ਉੱਚ-ਯੋਗਤਾ, ਉੱਚ-ਅਧਿਕਾਰੀ।
- ਅ (ਨਾਂਹ-ਵਾਚਕ): ਅਕਹਿ, ਅਸਹਿ, ਅਕੱਥ, ਅਮਰ, ਅਟੱਲ, ਅਡੋਲ, ਅਜਿੱਤ, ਅਨਾਥ, ਅਰੋਗ, ਅਭਾਗਾ, ਅਸਮਰੱਥ, ਅਸਫ਼ਲ, ਅਭੁੱਲ, ਅਸਪਸ਼ਟ, ਅਕਾਲ਼, ਅਵਿਸ਼ਵਾਸ, ਅਨਾਦ, ਅਜੂਨੀ, ਅਮੂਰਤ, ਅਹਿੱਲ, ਅਗਿਆਨੀ, ਅਖੰਡ, ਅਸੰਭਵ, ਅਪਾਰ, ਅਭਿੱਜ, ਅਮੱਲ, ਅਰੂਪ, ਅਕ੍ਰਿਤਘਣ, ਅਕਾਰਨ, ਅਸ਼ੁੱਧ, ਅਯੋਗ, ਅਟੁੱਟ, ਅਚੇਤ, ਅਚੱਲ, ਅਸੀਮਤ, ਅਸ਼ੁੱਭ, ਅਸੁਰੱਖਿਤ।
- ਅਣ (ਨਾਂਹ-ਵਾਚਕ): ਅਣਗਿਣਤ, ਅਣਥੱਕ, ਅਣਪਛਾਤਾ, ਅਣਡਿੱਠ, ਅਣਗਹਿਲੀ, ਅਣਹੋਂਦ, ਅਣਪਰਖਿਆ, ਅਣਬਣ, ਅਣਕਿਹਾ, ਅਣਮਿਣਆ, ਅਣਸਿੱਖਿਆ, ਅਣਸੁਖਾਵਾਂ, ਅਣਤੋਲਿਆ, ਅਣਛਾਣਿਆ, ਅਣਵਿਆਹਿਆ, ਅਣਭੋਲ, ਅਣਛਪੀ, ਅਣਜਾਣ, ਅਣਜੋੜ।
- ਅਨ (ਨਾਂਹ-ਵਾਚਕ): ਅਨਪੜ੍ਹ, ਅਨਰਥ, ਅਨਾਦਰ (ਅਨ+ਆਦਰ), ਅਨੰਤ (ਅਨ + ਅੰਤ), ਅਨੇਕ, ਅਨਹਦ, ਅਨਹੋਣੀ।
- ਔ, ਅਵ (ਬੁਰਾ): ਅਵਗੁਣ (ਔਗੁਣ), ਅਵਗਤ (ਔਗਤ)।
- ਅਤਿ (ਬਹੁਤ): ਅਤਿਕਥਨੀ, ਅਤਿਅੰਤ, ਅਤਿਨੀਚ, ਅਤਿਵਾਦ।
- ਅੰਤਰ (ਅੰਦਰ): ਅੰਤਰਜਾਮੀ, ਅੰਤਰਧਿਆਨ, ਅੰਤਰਦ੍ਰਿਸ਼ਟੀ, ਅੰਤਰਮੁਖੀ, ਅੰਤਰਆਤਮਾ, ਅੰਤਰਮੁਖੀ, ਅੰਤਰਰਾਸ਼ਟਰੀ।
- ਅਸ਼ਟ (ਅੱਠ): ਅਸ਼ਟਪਦੀ, ਅਸ਼ਟਭੁਜਾ, ਅਸ਼ਟਕੋਣ।
- ਅਪ (ਅੱਧਾ): ਅੱਧਖੜ, ਅੱਧਖੁੱਲ੍ਹਾ, ਅੱਧਮੋਇਆ, ਅੱਧਰੰਗ, ਅੱਧਵਾਟੇ, ਅੱਧ-ਪਚੱਧਾ, ਅੱਧ-ਖਿੜਿਆ
- ਅਪ (ਬੁਰਾ): ਅਪਸ਼ਬਦ, ਅਪਸ਼ਗਨ, ਅਪਮਾਨ, ਅਪਜੱਸ, ਅਪਵਾਦ, ਅਪੰਗ
- ਆਤਮ (ਆਪਣਾ): ਆਤਮ-ਨਿਰਭਰ, ਆਤਮ-ਕਥਾ, ਆਤਮ-ਹੱਤਿਆ, ਆਤਮ-ਵਿਸ਼ਲੇਸ਼ਣ, ਆਤਮ-ਰੰਗ।
- ਇੱਕ (ਗਿਣਤੀ): ਇੱਕ-ਪਾਸੜ, ਇੱਕ-ਮਿੱਕ, ਇੱਕ-ਜੁੱਟ, ਇੱਕ-ਮੁੱਠ, ਇੱਕਾਂਗੀ, ਇਕਾਦਸ਼ੀ, ਇੱਕ-ਤਰਫ਼ਾ।
- ਸ (ਸਾਥ): ਸਚਿੱਤਰ, ਸਜੀਵ, ਸਫ਼ਲ, ਸਲੂਣਾ, ਸਟੀਕ, ਸਜਿਲਦ, ਸਨਿਮਰ, ਸਕਾਰ।
- ਸੁ (ਚੰਗਾ): ਸੁਪਤਨੀ, ਸੁਚੱਜਾ, ਸੁਸ਼ੀਲ, ਸੁਗੰਧ, ਸੁਭਾਗਾ, ਸੁਲੱਖਣਾ, ਸੁਰੱਖਿਆ, ਸੁਰੱਖਿਆ, ਸੁਸ਼ੋਭਿਤ, ਸੁਮੱਤ, ਸੁਭੌਲ, ਸੁਚੋਤ।
- ਸਹਿ (ਨਾਲ਼ ਰਲ ਕੇ): ਸਹਿਪਾਠੀ, ਸਹਿਯੋਗ, ਸਹਿਮਤ, ਸਹਿਕਾਰੀ, ਸਹਿਗਾਣ।
- ਸਤਿ/ਸਤ (ਸੱਚ): ਸਤਿਨਾਮ, ਸਤਿਪੁਰਖ, ਸਤਿਬਚਨ, ਸਤਿਸੰਗ, ਸਤਿਗੁਰੂ, ਸਤਿਯੱਗ
- ਸਬ (ਛੋਟਾ): ਸਬ-ਇੰਸਪੈਕਟਰ, ਸਬ-ਡਵੀਜ਼ਨ, ਸਬ-ਰਜਿਸਟਰਾਰ, ਸਬ-ਜੱਜ,ਸਬ-ਸਟੋਸ਼ਨ।
- ਸਵੈ (ਆਪਣਾ): ਸਵੈ-ਜੀਵਨੀ, ਸਵੈ-ਨਿਰਭਰ, ਸਵੈ-ਮਾਣ, ਸਵੈ-ਵਿਸ਼ਵਾਸ, ਸਵੈ-ਰੁਜ਼ਗਾਰ, ਸਵੈ-ਪੜਚੋਲ, ਸਵੈ-ਚਾਲਕ
- ਸਣ (ਸਮੇਤ): ਸਣਕੱਪੜੀਂ, ਸਣਕੇਮੀਂ, ਸਣਪਰਿਵਾਰ, ਸਣਟੱਬਰੀਂ।
- ਸਮ (ਬਰਾਬਰ): ਸਮਦਰਸ਼ੀ, ਸਮਭਾਵੀ, ਸਮਤੋਲ, ਸਮਤੋਲ, ਸਮਕਾਲੀ, ਸਮਲਿੰਗੀ, ਸਮਦ੍ਰਿਸ਼ਟੀ।
- ਸੰ (ਬਰਾਬਰ): ਸੰਗਠਨ, ਸੰਪੂਰਨ, ਸੰਜੋਗ, ਸੰਵਿਧਾਨ, ਸੰਜੀਵਨੀ, ਸੰਗੀਤ, ਸੰਚਾਲਕ, ਸੰਜੁਗਤ, ਸੰਵਾਦ।
- ਸ਼ਾਹ (ਵੱਡਾ): ਸ਼ਾਹ-ਰਗ, ਸ਼ਾਹ-ਸਵਾਰ, ਸ਼ਾਹ-ਰਾਹ, ਸ਼ਾਹ-ਖ਼ਰਚ, ਸ਼ਾਹ-ਕਾਰ, ਸ਼ਾਹ-ਪਰੀ।
- ਸਰ (ਸਹਿਤ): ਸਰਪੰਚ, ਸਰਹੱਦ, ਸਰਗੁਣ, ਸਰਤਾਜ, ਸਰਜਬਜ਼, ਸਰਗਰਮ।
- ਹਮ (ਬਰਾਬਰ): ਹਮਰਾਜ਼, ਹਮਸ਼ਕਲ, ਹਮਉਮਰ, ਹਮਜੋਲੀ, ਹਮਦਰਦ, ਹਮਰਾਹੀ,ਹਮਜਮਾਤੀ, ਹਮਖ਼ਿਆਲ, ਹਮਨਾਮ।
- ਸਰਬ/ਸਰਵ (ਸਾਰੇ): ਸਰਬ-ਵਿਆਪਕ, ਸਰਬ-ਉੱਚ, ਸਰਬਸੰਮਤੀ, ਸਰਬ-ਸ਼ਕਤੀਮਾਨ, ਸਰਬ-ਸਮਰੱਥ, ਸਰਬਨਾਸ਼, ਸਰਬ-ਸਾਂਝੀ।
- ਕ (ਬੁਰਾ): ਕੁਰੀਤੀ, ਕੁਚੱਜੀ, ਕੁਲੱਛਣ, ਕੁਸੰਗਤ, ਕੁਕਰਮ, ਕੁਨਾਂ, ਕੁਥਾਂ, ਕੁਰਾਹੇ, ਕੁਵੇਲ਼ਾ।
- ਕੁ (ਬੁਰਾ): ਕਪੁੱਤਰ, ਕਬੋਲ, ਕਰੂਪ, ਕਦੇਸਣ।
- ਕਮ (ਘੱਟ): ਕਮਜਾਤ, ਕੁਮਚੋਰ, ਕਮਜ਼ੋਰ, ਕਮਬਖ਼ਤ, ਕਮਦਿਲ, ਕਮਅਕਲ।
- ਕਲ (ਭੈੜਾ): ਕਲਜੁਗ, ਕਲਜੋਗਣ, ਕਲਮੂੰਹਾ।
- ਖ਼ੁਸ਼ (ਚੰਗਾ): ਖ਼ੁਸ਼ਕਿਸਮਤ, ਖ਼ੁਸ਼ਨਸੀਬ, ਖ਼ੁਸ਼ਖ਼ਬਰੀ, ਖ਼ੁਸ਼ਦਿਲ, ਖ਼ੁਸ਼-ਮਿਜ਼ਾਜ, ਖ਼ੁਸ਼-ਫਹਿਮੀ, ਖ਼ੁਸ਼-ਤਬੀਅਤ, ਖ਼ੁਸ਼ਬੂ, ਖ਼ੁਸ਼ਹਾਲ।
- ਗ਼ੈਰ (ਬਿਗਾਨਾ, ਬਿਨਾਂ, ਵਿਰੁੱਧ): ਗ਼ੈਰ-ਹਾਜਰ, ਗ਼ੈਰ-ਰਸਮੀ, ਗ਼ੈਰ-ਕਨੂੰਨੀ, ਗ਼ੈਰ-ਸਰਕਾਰੀ, ਗ਼ੈਰ-ਜ਼ਿੰਮੇਵਾਰ।
- ਗੁਰ (ਗੁਰੂ): ਗੁਰਮੁਖ, ਗੁਰਮਤਿ, ਗੁਰਉਪਦੇਸ਼, ਗੁਰਮੰਤਰ, ਗੁਰਪ੍ਰਸਾਦਿ, ਗੁਰਦੁਆਰਾ, ਗੁਰਪ੍ਰਤਾਪ, ਗੁਰਗੱਧੀ।
- ਚੁ (ਚਾਰ): ਚੁਆਨੀ, ਚੁਰਸਤਾ, ਚੁਗਿਰਦਾ, ਚੁਕੰਨਾ, ਚੁਫੇਰਾ, ਚੁਬਾਰਾ, ਚੁਪਹਿਰਾ।
- ਚੌ (ਚਾਰ): ਚੌਕੜੀ, ਚੌਪਟੀ, ਚੌਗੁਣਾ, ਚੌਮੁਖੀਆ, ਚੌਪਾਇਆ, ਚੌਰਸ।
- ਚਹੁੰ/ਚਾਰ/ਚਾਰੇ (ਚਾਰ): ਚਹੁੰ-ਮਾਰਗੀ, ਚਹੁੰ ਪਾਸੇ, ਚਹੁੰ ਦਿਸ਼ਾਵਾਂ, ਚਾਰ-ਚੁਫੇਰੇ, ਚਾਰੇ ਕੂੰਟਾਂ।
- ਛਿ (ਛੇ): ਛਿਹਰਟਾ, ਛਿਮਾਹੀ, ਛਿਆਸੀ।
- ਜਨ (ਲੋਕ): ਜਨਸੰਖਿਆ, ਜਨਹਿਤ, ਜਨ-ਜੀਵਨ।
- ਤ੍ਰੈ/ਤ੍ਰਿ (ਤਿੰਨ): ਤ੍ਰੈ-ਮਾਸਕ, ਤ੍ਰੈ-ਮੂਰਤੀ, ਤਿਰੰਗਾ, ਤ੍ਰਿਵੈਣੀ, ਤ੍ਰਿਮਾਹੀ, ਤਿੱਕੜੀ, ਤ੍ਰਿਕਾਲ਼ਾਂ, ਤ੍ਰਿਕੋਣ।
- ਦੁ (ਦੋ): ਦੁਗੁਣਾ, ਦੁਮੇਲ, ਦੁ-ਭਾਸ਼ੀਆ, ਦੁਨਾਲ਼ੀ, ਦੋਰਾਹਾ।
- ਦੁਰ (ਬੁਰਾ): ਦੁਰਘਟਨਾ, ਦੁਰਗੰਧ, ਦੁਰਵਿਹਾਰ, ਦੁਰਦਸ਼ਾ, ਦੁਰਜਨ, ਦੁਰ-ਲਾਹਨਤ, ਦੁਰਗਤ, ਦੁਰਾਚਾਰ, ਦੁਰਵਰਤੋਂ, ਦੁਰਉਪਯੋਗ।
- ਦੂਹ (ਦੂਰੀ): ਦੂਰਦ੍ਰਿਸ਼ਟੀ, ਦੂਰਾਚਾਰ, ਦੂਰਸੰਚਾਰ, ਦੂਰਬੀਨ, ਦੂਰ-ਅੰਦੇਸ਼ੀ, ਦੂਰ-ਵਰਤੀ।
- ਨਾ (ਬਿਨਾਂ): ਨਾਚੀਜ਼, ਨਾਖ਼ੁਸ਼, ਨਾਪਾਕ, ਨਾਮੁਰਾਦ, ਨਾ ਮਨਜ਼ੂਰ।
- ਨ (ਬਿਨਾਂ): ਨਖਾਲਸ, ਨਕਾਰਾ, ਨਖੱਟੂ, ਨਕਰਮਣ, ਨੱਹਕ, ਨਜਾਇਜ਼, ਨਲਾਇਕ, ਨਬਾਲਗ।
- ਨਿ (ਬਿਨਾਂ): ਨਿਗੁਣਾ, ਨਿਰੋਗਾ, ਨਿਓਟਾ, ਨਿਸੰਗ, ਨਿਝੱਕ, ਨਿਡਰ, ਨਿਤਾਣਾ, ਨਿਗੁਰਾ, ਨਿਪੁੱਤੀ, ਨਿਧੜਕ, ਨਿਆਸਰਾ, ਨਿਥਾਵਾਂ, ਨਿਮਾਣਾ, ਨਿਸਫ਼ਲ, ਨਿਕੰਮਾ, ਨਿਹੱਥਾ।
- ਨਿਰ (ਬਿਨਾਂ): ਨਿਰਮਲ, ਨਿਰਲੇਪ, ਨਿਰਗੁਣ, ਨਿਰਦੋਸ਼, ਨਿਰਛਲ, ਨਿਰਸੰਦੇਹ, ਨਿਰਾਹਾਰ, ਨਿਰਾਰਥਕ, ਨਿਰਵਸਤਰ, ਨਿਰੰਜਨ, ਨਿਰਮੋਹਿਆ, ਨਿਰਦਈ, ਨਿਰਧਨ, ਨਿਰਵਿਘਨ।
- ਨਿਸ/ਨਿਸ਼ (ਬਿਨਾਂ): ਨਿਸਦਿਨ, ਨਿਸਤੇਜ, ਨਿਹਚਲ, ਨਿਸ਼ਕਪਟ, ਨਿਸ਼ਕਾਮ।
- ਨਿਹ (ਬਿਨਾਂ): ਨਿਹਕਲੰਕ, ਨਿਹਕਾਮ, ਨਿਹਚਲ, ਨਿਹਫ਼ਲ।
- ਨੌ (ਨੌ): ਨੌਮਾਹੀ, ਨੌਰਾਤੇ, ਨੌਗਜਾ, ਨੌਮੀਂ।
- ਪਰਮ (ਵੱਡਾ, ਉੱਚਾ): ਪਰਮਾਤਮਾ (ਪਰਮ + ਆਤਮਾ), ਪਰਮਹੰਸ, ਪਰਮਾਨੰਦ, ਪਰਮੇਸ਼ਵਰ, ਪਰਮਾਰਥ, ਪਰਮਜੋਤ।
- ਪਰ (ਪਰਾਇਆ, ਦੂਜਾ): ਪਰਦੇਸ, ਪਰਉਪਕਾਰ, ਪਰਸੁਆਰਥ, ਪਰ-ਅਧੀਰ, ਪਰ ਨਾਰੀ, ਪਰਲੋਕ, ਪਰਤੰਤਰ।
- ਪ੍ਰ (ਵੱਡਾ, ਚੰਗੀ, ਤਰ੍ਹਾਂ): ਪ੍ਰਚਲਤ, ਪ੍ਰਯਤਨ, ਪ੍ਰਵਕਤਾ, ਪ੍ਰਵਚਨ, ਪ੍ਰਸਿੱਧ, ਪ੍ਰਸਥਿਤੀ, ਪ੍ਰਫੁਲਤ, ਪ੍ਰਬਲ, ਪ੍ਰਮੁੱਖ, ਪ੍ਰਬੰਧ, ਪ੍ਰਦਰਸ਼ਨ।
- ਪ੍ਰਤੀ (ਹਰ): ਪ੍ਰਤੀਦਿਨ, ਪ੍ਰਤੀਸ਼ਤ, ਪ੍ਰਤੀਕੂਲ, ਪ੍ਰਤੀਕਿਰਿਆ।
- ਪਾਰ (ਪਰੇ): ਪਾਰਦਰਸ਼ੀ, ਪਾਰਬ੍ਰਹਮ, ਪਾਰ-ਉਤਾਰਾ, ਪਾਰਜਾਤ, ਪਾਰਲੌਕਿਕ।
- ਪੁਨਰ (ਦੁਬਾਰਾ): ਪੁਨਰਜਨਮ, ਪੁਨਰਵਿਆਹ, ਪੁਨਰਵਾਸ, ਪੁਨਰਨਿਰਮਾਣ, ਪੁਨਰ-ਵਿਚਾਰ, ਪੁਨਰ-ਗਠਨ, ਪੁਨਰ-ਮਲਾਂਕਣ।
- ਪ੍ਰੇਮ (ਪਿਆਰ): ਪ੍ਰੇਮ-ਪੱਤਰ, ਪ੍ਰੇਮ-ਵਿਆਹ, ਪ੍ਰੇਮ-ਪੁਜਾਰੀ, ਪ੍ਰੇਮ-ਰੋਗ, ਪ੍ਰੇਮ-ਪਿਆਲਾ, ਪ੍ਰੇਮਾਭਗਤਾ।
- ਪੜ (ਪਰ) (ਇਕ ਦਰਜਾ ਉੱਤੇ): ਪੜਦਾਦਾ, ਪੜਨਾਨਾ, ਪੜਪੋਤਰਾ, ਪਰਛੱਤੀ, ਪਰਨਾਲ਼ਾ।
- ਬਹੁ (ਬਹੁਤ): ਬਹੁਅਰਥਕ, ਬਹੁਗਿਣਤੀ, ਬਹੁਵਿਕਲਪ, ਬਹੁਪਰਤਾੀ, ਬਹੁਪੱਖੀ, ਬਹੁਮੰਤਵੀ, ਬਹੁਉਪਯੋਗੀ, ਬਹੁਰੰਗੀ।
- ਬਦ (ਬੁਰਾ): ਬਦਕਿਸਮਤ, ਬਦਅਸੀਸ, ਬਦਸ਼ਗਨ, ਬਦਸੂਰਤ, ਬਦਸ਼ਕਲ, ਬਦਨਾਮ, ਬਦਕਾਰ, ਬਦਜਾਤ, ਬਦਇਖ਼ਲਾਕ, ਬਦਅਨ, ਬਦਰੰਗ, ਬਦਬੂ, ਬਦਨੀਅਤ, ਬਦਜ਼ਬਾਨ, ਬਦਤਮੀਜ਼।
- ਬਾ (ਸਮੇਤ): ਬਾਇੱਜ਼ਤ, ਬਾਅਸੂਤ, ਬਾਦਸਤੂਰ, ਬਾਕਮਾਲ, ਬਾਕਾਇਦਾ, ਬਾਰਸੂਖ਼
- ਬੇ (ਬਿਨਾਂ): ਬੇਸਮਝ, ਬੇਹੋਸ਼, ਬੇਗ਼ੁਨਾਹ, ਬੇਅੰਤ, ਬੇਸ਼ੱਕ, ਬੇਚੈਨ, ਬੇਪਰਵਾਹ, ਬੇਫ਼ਿਕਰ, ਬੇਸੁਆਦਾ, ਬੇਜਾਨ, ਬੇਦਿਲ, ਬੇਰੁਖ਼ੀ, ਬੇਜੋੜ, ਬੇਝਿਜਕ, ਬੇਧਿਆਨ, ਬੇਰੌਣਕ, ਬੇਈਮਾਨ, ਬੇਦਾਗ਼, ਬੇਹਾਲ, ਬੇਇੱਜ਼ਤ, ਬੇਬੁਨਿਆਦ, ਬੇਬਾਕ, ਬੇਅਰਾਮੀ, ਬੋਡੌਲ, ਬੇਮੁਖ, ਬੇਗ਼ੈਰਤ, ਬੇਹਿਸਾਬ, ਬੇਰੋਕ, ਬੇਘਰ, ਬੇਖ਼ੌਫ਼, ਬੇਮੌਸਮੀ, ਬੇਸਿੱਟਾ, ਬੇਸ਼ਮਾਰ, ਬੇਸ਼ਰਮ, ਬੇਲੋੜਾ, ਬੇਲਿਹਾਜ, ਬੇਮਿਸਾਲ, ਬੇਰੁਜ਼ਗਾਰ, ਬੇਅਦਬੀ, ਬੇਕਾਰ, ਬੇਸਬਰੀ, ਬੇਸੁਰਾ, ਬੇਆਬਰੂ, ਬੇਕਾਬੂ, ਬੇਵੱਸ, ਬੇਔਲਾਦ।
- ਭੂ (ਜ਼ਮੀਨ): ਭੂਜਾਲ, ਭੂ-ਖ਼ੋਰ, ਭੂਰੋਲ, ਭੂ-ਮਾਫ਼ੀਆ, ਭੂ-ਹੋਰਵਾ
- ਮਹਾਂ (ਵੱਡਾ): ਮਹਾਂ-ਸਾਗਰ, ਮਹਾਂ-ਬਲੀ, ਮਹਾਂ-ਯੁੱਧ, ਮਹਾਂ-ਨਗਰੀ, ਮਹਾਂ-ਵਿਦਿਆਲਾ, ਮਹਾਂ-ਦੀਪ, ਮਹਾਂ-ਮਾਈ, ਮਹਾਂ-ਪ੍ਰਸਾਦਿ, ਮਹਾਂ-ਵਿਨਾਸ਼, ਮਹਾਂ- ਭੋਜ, ਮਹਾਂ-ਮਾਰੀ, ਮਹਾਂ-ਮੂਰਖ, ਮਹਾਂ-ਦੇਵ।
- ਮਹਾ (ਵੱਡਾ): ਮਹਾਰਾਜਾ, ਮਹਾਤਮਾ, ਮਹਾਜਨ, ਮਹਾਰਾਣੀ, ਮਹਾਰਾਸ਼ਟਰ, ਮਹਾਪੁਰਖ, ਮਹਾਭਾਰਤ
- ਮੁੱਖ (ਵੱਡਾ): ਮੁੱਖ ਅਧਿਆਪਕ, ਮੁੱਖ ਮੰਤਰੀ, ਮੁੱਖ ਸੰਪਾਦਕ, ਮੁੱਖ ਗ੍ਰੰਥੀ, ਮੁੱਖ ਸੇਵਾਦਾਰ, ਮੁੱਖ ਦਿਵਾਰ, ਮੁੱਖ ਵਾਕ, ਮੁੱਖ ਮਹਿਮਾਨ।
- ਮਨ (ਮਨ ਦੇ ਰੌਂ ਵਿੱਚ): ਮਨਮੁਖ, ਮਨਮੌਜੀ, ਮਨਘੜਤ, ਮਨਮਤ, ਮਨਪਸੰਦ, ਮਨਇੱਛਤ।
- ਮੰਦ (ਭੈੜਾ): ਮੰਦਹਾਲੀ, ਮੰਦਭਾਗਾ, ਮੰਦਬੁੱਧੀ, ਮੰਦਵਾੜਾ।
- ਮਾਤ (ਮਾਂ): ਮਾਤ-ਭਾਸ਼ਾ, ਮਾਤ-ਭੂਮੀ, ਮਾਤ-ਬੋਲੀ, ਮਾਤ-ਲੋਕ।
- ਮੁੜ (ਦੁਬਾਰਾ): ਮੁੜ ਮੁਲਾਂਕਣ, ਮੁੜ-ਵਸੋਬਾ।
- ਰਾਜ (ਪ੍ਰਾਪਤੀ): ਰਾਜ-ਗੱਦੀ, ਰਾਜ-ਘਰਾਣਾ, ਰਾਜ-ਤਿਲਕ, ਰਾਜ-ਵੰਸ, ਰਾਜ-ਭਾਗ।
- ਲੋਕ (ਜਨਤਾ): ਲੋਕ-ਗੀਤ, ਲੋਕ-ਕਥਾ, ਲੋਕ-ਵਿਸ਼ਵਾਸ, ਲੋਕ-ਖੇਡਾਂ, ਲੋਕ-ਧੰਦੇ, ਲੋਕ-ਤੰਤਰ, ਲੋਕ-ਰਾਜ, ਲੋਕ-ਸਾਜ਼, ਲੋਕ-ਲਾਜ, ਲੋਕ-ਵਿਖਾਵਾ।
- ਲਾ (ਬਿਨਾਂ): ਲਾਪਰਵਾਹ, ਲਾਸਾਨੀ, ਲਾਪਤਾ, ਲਾਜਾਬ, ਲਾਚਾਰ, ਲਾਵਾਰਸ, ਲਾਮਿਸਾਲ, ਲਾਇਲਾਜ।
- ਵਿ (ਬਿਨਾਂ): ਵਿਅਰਥ, ਵਿਕਾਰ, ਵਿਯੋਗ, ਵਿਚਾਰਾ, ਵਿਪੱਖੀ, ਵਿਦੇਸ਼।
- ਵਿ (ਖ਼ਾਸ, ਬਹੁਤ): ਵਿਗਿਆਨ, ਵਿਨਾਸ਼, ਵਿਰਾਟ, ਵਿਦਰੋਹ।
ਇਸ ਲੇਖ ਵਿੱਚ ਅਸੀਂ ਉਤਪੰਨ ਸ਼ਬਦਾਂ ਦੇ ਇੱਕ ਮਹੱਤਵਪੂਰਨ ਭਾਗ – ਅਗੇਤਰ (Prefixes) – ਬਾਰੇ ਵਿਸਥਾਰ ਨਾਲ ਪੜ੍ਹਿਆ। ਅਸੀਂ ਵੇਖਿਆ ਕਿ ਕਿਸ ਤਰ੍ਹਾਂ ਮੂਲ ਸ਼ਬਦ ਦੇ ਅੱਗੇ ਅਗੇਤਰ ਲੱਗ ਕੇ ਨਵੇਂ, ਸਾਰਥਕ ਸ਼ਬਦ ਬਣਦੇ ਹਨ ਅਤੇ ਇਹ ਪੰਜਾਬੀ ਭਾਸ਼ਾ ਦੀ ਸ਼ਬਦ-ਰਚਨਾ ਨੂੰ ਹੋਰ ਸੁੰਦਰ ਅਤੇ ਸਮਝਣ ਯੋਗ ਬਣਾਉਂਦੇ ਹਨ।
ਅਗਲੇ ਲੇਖ ਵਿੱਚ ਅਸੀਂ ਪਿਛੇਤਰ (Suffixes) ਨਾਲ ਬਣਦੇ ਉਤਪੰਨ ਸ਼ਬਦਾਂ ਬਾਰੇ ਜਾਣਾਂਗੇ। ਇਹ ਵੀ ਸ਼ਬਦ-ਰਚਨਾ ਦਾ ਬਹੁਤ ਮਹੱਤਵਪੂਰਨ ਹਿੱਸਾ ਹੈ ਅਤੇ ਪ੍ਰਤੀਯੋਗੀ ਪਰੀਖਿਆਵਾਂ ਵਿੱਚ ਅਕਸਰ ਪੁੱਛਿਆ ਜਾਂਦਾ ਹੈ।











