ਲਿੰਗ (Gender) : ਜਿਹੜੇ ਸ਼ਬਦਾਂ ਤੋਂ ਉਹਨਾਂ ਦੇ ਪੁਰਸ਼-ਇਸਤਰੀ ਜਾਂ ਮਰਦਾਂ-ਔਰਤਾਂ ਜਾਂ ਨਰ-ਮਾਦਾ ਦੇ ਰੂਪ ਬਾਰੇ ਜਾਣਕਾਰੀ ਮਿਲਦੀ ਹੈ, ਵਿਆਕਰਨ ਵਿੱਚ ਉਹਨਾਂ ਨੂੰ ਲਿੰਗ ਕਿਹਾ ਜਾਂਦਾ ਹੈ; ਜਿਵੇਂ : ਮੁੰਡਾ, ਕੁੜੀ, ਘੋੜਾ, ਸੋਹਣੀ, ਘੋੜੀ, ਸੂਰਜ, ਧਰਤੀ, ਮੇਜ਼, ਕਾਪੀ, ਟੇਬਲ, ਪੱਖੀ, ਕੁੱਸੀ, ਆਦਿ।
In Punjabi grammar, Gender refers to the distinction of a noun or pronoun as male and female.
Punjabi ਵਿੱਚ ਵੀ ਲਿੰਗ ਉਹੀ ਕੰਮ ਕਰਦਾ ਹੈ — ਜੋ ਦੱਸਦਾ ਹੈ ਕਿ ਸ਼ਬਦ masculine (ਪੁਲਿੰਗ) ਹੈ ਜਾਂ feminine (ਇਸਤਰੀ ਲਿੰਗ)।
ਲਿੰਗ ਦੇ ਉਦਾਹਰਨ (Examples of Gender)
1. ਬੱਚਾ ਖੇਡ ਰਿਹਾ ਹੈ।
The boy/child is playing.
- ਬੱਚਾ → ਪੁਲਿੰਗ (Masculine Gender)
- ਰਿਹਾ → ਪੁਲਿੰਗ ਅਨੁਸਾਰ ਵਰਤਿਆ ਗਿਆ
ਇਸ ਵਾਕ ਤੋਂ ਪਤਾ ਲੱਗਦਾ ਹੈ ਕਿ ਕਰਤਾ ਪੁਲਿੰਗ ਹੈ।
2. ਔਰਤ ਹੱਸ ਰਹੀ ਹੈ।
The woman is laughing.
- ਔਰਤ → ਇਸਤਰੀ ਲਿੰਗ (Feminine Gender)
- ਰਹੀ → ਇਸਤਰੀ ਲਿੰਗ ਅਨੁਸਾਰ ਵਰਤਿਆ ਗਿਆ
ਇਸ ਵਾਕ ਵਿੱਚ ਕਿਰਿਆ ਵੀ ਇਸਤਰੀ ਲਿੰਗ ਦੇ ਅਨੁਸਾਰ ਹੈ।
3. ਸੂਰਜ ਚਮਕ ਰਿਹਾ ਹੈ।
The sun is shining.
- ਸੂਰਜ → ਪੁਲਿੰਗ
- ਰਿਹਾ → ਪੁਲਿੰਗ ਅਨੁਸਾਰ
ਇਹ ਵਾਕ ਵੀ ਪੁਲਿੰਗ ਦਾ ਸਹੀ ਉਦਾਹਰਨ ਹੈ।
ਲਿੰਗ ਦੀਆਂ ਕਿਸਮਾਂ
ਪੰਜਾਬੀ ਵਿੱਚ ਲਿੰਗ ਦੀਆਂ ਦੋ ਕਿਸਮਾਂ ਹਨ:
- ਪੁਲਿੰਗ (Masculine): ਜਿਹੜੇ ਸ਼ਬਦ ਮਰਦਾਂ ਜਾਂ ਨਰ ਭੇਦ ਨੂੰ ਪ੍ਰਗਟ ਕਰਨ, ਉਹ ਪੁਲਿੰਗ ਅਖਵਾਉਂਦੇ ਹਨ; ਜਿਵੇਂ: ਕਬੂਤਰ, ਮੋਰ, ਮੁੰਡਾ, ਕੁਹਾੜਾ, ਚਰਖਾ, ਹਥੌੜਾ ਆਦਿ।
Words that indicate the male gender are called Masculine Gender. - ਇਸਤਰੀ-ਲਿੰਗ (Feminine): ਜਿਹੜੇ ਸ਼ਬਦ ਇਸਤਰੀ ਜਾਂ ਮਾਦਾ ਭੇਦ ਨੂੰ ਪ੍ਰਗਟ ਕਰਨ, ਉਹ ਇਸਤਰੀ-ਲਿੰਗ ਅਖਵਾਉਂਦੇ ਹਨ; ਜਿਵੇਂ: ਕਬੂਤਰੀ, ਮੋਰਨੀ, ਕੁੜੀ, ਕੁਹਾੜੀ, ਚਰਖੀ, ਹਥੌੜੀ ਆਦਿ।
Words that indicate the female gender are called Feminine Gender.
ਨੋਟ: ਪੰਜਾਬੀ ਵਿੱਚ ਬੇਜਾਨ ਚੀਜ਼ਾਂ ਨੂੰ ਵੀ ਲਿੰਗ-ਵੰਡ ਵਿੱਚ ਸ਼ਾਮਲ ਕੀਤਾ ਜਾਂਦਾ ਹੈ; ਜਿਵੇਂ: ਕੁਹਾੜਾ, ਚਰਖ਼ਾ, ਰੱਸਾ, ਸੋਟਾ ਆਦਿ ਪੁਲਿੰਗ ਹਨ ਅਤੇ ਕੁਹਾੜੀ, ਚਰਖ਼ੀ, ਰੱਸੀ, ਸੋਟੀ ਆਦਿ ਇਸਤਰੀ-ਲਿੰਗ ਹਨ।
In Punjabi, non-living things are also assigned gender, unlike English where they are usually treated as neuter.
ਲਿੰਗ-ਬਦਲੀ
ਵਿਆਕਰਨ ਅਨੁਸਾਰ ਸ਼ਬਦਾਂ ਦੇ ਪੁਲਿੰਗ ਰੂਪ ਨੂੰ ਇਸਤਰੀ-ਲਿੰਗ ਰੂਪ ਵਿੱਚ ਬਦਲਣ ਜਾਂ ਇਸਤਰੀ-ਲਿੰਗ ਰੂਪ ਨੂੰ ਪੁਲਿੰਗ ਰੂਪ ਵਿੱਚ ਬਦਲਣ ਨੂੰ ਲਿੰਗ-ਬਦਲੀ ਕਿਹਾ ਜਾਂਦਾ ਹੈ।
1. ਜੇ ਪੁਲਿੰਗ ਨਾਂਵਾਂ ਦੇ ਅੰਤ ਵਿੱਚ ਮੁਕਤਾ ਹੋਵੇ, ਤਾਂ ਉਹਨਾਂ ਨਾਲ ਬਿਹਾਰੀ (ੀ), ਣੀ, ਨੀ, ਕੰਨਾ, ਕੰਨਾ ਤੇ ਣੀਂ, ੜੀ ਜਾਂ ਕੀ ਜੋੜ ਕੇ ਇਸਤਰੀ-ਲਿੰਗ ਬਣਾਇਆ ਜਾਂਦਾ ਹੈ।
ਜਿਵੇਂ:
(ਉ) ਬਿਹਾਰੀ (ੀ) ਵਧਾ ਕੇ
- ਘੁਮਿਆਰ → ਘੁਮਿਆਰੀ
- ਤਰਖਾਣ → ਤਰਖਾਣੀ
- ਬ੍ਰਾਹਮਣ → ਬ੍ਰਾਹਮਣੀ
- ਜੱਟ → ਜੱਟੀ
- ਗੁੱਜਰ → ਗੁੱਜਰੀ
- ਬਾਂਦਰ → ਬਾਂਦਰੀ
- ਗਿੱਦੜ → ਗਿੱਦੜੀ
- ਦੇਵ → ਦੇਵੀ
- ਟੇਪ → ਟੇਪੀ
- ਪਹਾੜ → ਪਹਾੜੀ
- ਬੱਦਲ਼ → ਬੱਦਲ਼ੀ
- ਕੁੱਕੜ → ਕੁੱਕੜੀ
- ਹਿਰਨ → ਹਿਰਨੀ
- ਛੱਪੜ → ਛੱਪੜੀ
- ਹੱਡ → ਹੱਡੀ
- ਮੱਛ → ਮੱਛੀ
- ਦਾਸ → ਦਾਸੀ
- ਗਲਾਸ → ਗਲਾਸੀ
- ਥਾਲ਼ → ਥਾਲ਼ੀ
- ਰੋਟ → ਰੋਟੀ
- ਕਬੂਤਰ → ਕਬੂਤਰੀ
- ਮੱਖ → ਮੱਖੀ
- ਪੁੱਤਰ → ਪੁੱਤਰੀ
- ਬਘਿਆੜ → ਬਘਿਆੜੀ
(ਅ) ਣੀ ਵਧਾ ਕੇ
ਪੁਲਿੰਗ ਸ਼ਬਦਾਂ ਦੇ ਅੰਤ ਵਿੱਚ ‘ਣੀ’ ਵਧਾ ਕੇ ਇਸਤਰੀ-ਲਿੰਗ ਬਣਾਇਆ ਜਾਂਦਾ ਹੈ; ਜਿਵੇਂ:
- ਭਗਤ → ਭਗਤਣੀ
- ਉਸਤਾਦ → ਉਸਤਾਦਣੀ
- ਕੁੜਮ → ਕੁੜਮਣੀ
- ਮਹੰਤ → ਮਹੰਤਣੀ
- ਰਾਗ → ਰਾਗਣੀ
- ਸਿੱਖ → ਸਿੱਖਣੀ
- ਪੰਚ → ਪੰਚਣੀ
- ਮਾਸਟਰ → ਮਾਸਟਰਾਣੀ
- ਸੰਤ → ਸੰਤਣੀ
- ਨਾਗ → ਨਾਗਣੀ
- ਰਾਜਪੂਤ → ਰਾਜਪੂਤਣੀ
- ਸੱਪ → ਸੱਪਣੀ
- ਰਿੱਛ → ਰਿੱਛਣੀ
- ਸਰਪੰਚ → ਸਰਪੰਚਣੀ
- ਜੇਠ → ਜੇਠਾਣੀ
- ਸ਼ਾਹ → ਸ਼ਾਹਣੀ
- ਭੀਲ → ਭੀਲਣੀ
- ਮਹਾਰਾਜ → ਮਹਾਰਾਣੀ
- ਊਠ → ਊਠਣੀ
- ਭੂਤ → ਭੂਤਣੀ
(ੲ) ਨੀ ਵਧਾ ਕੇ
ਪੁਲਿੰਗ ਸ਼ਬਦਾਂ ਦੇ ਅੰਤ ਵਿੱਚ ‘ਨੀ’ ਵਧਾ ਕੇ ਇਸਤਰੀ-ਲਿੰਗ ਬਣਾਇਆ ਜਾਂਦਾ ਹੈ; ਜਿਵੇਂ:
- ਸੂਰ → ਸੂਰਨੀ
- ਸੂਬੇਦਾਰ → ਸੂਬੇਦਾਰਨੀ
- ਮੋਰ → ਮੋਰਨੀ
- ਜਥੇਦਾਰ → ਜਥੇਦਾਰਨੀ
- ਹੌਲਦਾਰ → ਹੌਲਦਾਰਨੀ
- ਜਮਾਂਦਾਰ → ਜਮਾਂਦਾਰਨੀ
- ਚੋਰ → ਚੋਰਨੀ
- ਫ਼ਕੀਰ → ਫ਼ਕੀਰਨੀ
- ਸ਼ੇਰ → ਸ਼ੇਰਨੀ
- ਜਾਦੂਗਰ → ਜਾਦੂਗਰਨੀ
- ਸੇਵਾਦਾਰ → ਸੇਵਾਦਾਰਨੀ
- ਚਕੋਰਦਾਰ → ਚਕੋਰਦਾਰਨੀ
- ਥਾਣੇਦਾਰ → ਥਾਣੇਦਾਰਨੀ
- ਬਾਜ਼ੀਗਰ → ਬਾਜ਼ੀਗਰਨੀ
- ਸਰਦਾਰ → ਸਰਦਾਰਨੀ
- ਠੇਕੇਦਾਰ → ਠੇਕੇਦਾਰਨੀ
- ਹਿਰਨ → ਹਿਰਨੀ
- ਜ਼ੈਲਦਾਰ → ਜ਼ੈਲਦਾਰਨੀ
(ਸ) ‘ਕੰਨਾ’ ਵਧਾ ਕੇ
ਪੁਲਿੰਗ ਸ਼ਬਦਾਂ ਦੇ ਅੰਤ ਵਿੱਚ ‘ਕਾ / ਆ’ ਜੋੜ ਕੇ ਇਸਤਰੀ-ਲਿੰਗ ਬਣਾਇਆ ਜਾਂਦਾ ਹੈ; ਜਿਵੇਂ:
- ਉਪਦੇਸ਼ਕ → ਉਪਦੇਸ਼ਕਾ
- ਸੰਪਾਦਕ → ਸੰਪਾਦਕਾ
- ਸਾਹਿਬ → ਸਾਹਿਬਾ
- ਗਾਇਕ → ਗਾਇਕਾ
- ਅਧਿਆਪਕ → ਅਧਿਆਪਕਾ
- ਨਿਰਦੇਸ਼ਕ → ਨਿਰਦੇਸ਼ਕਾ
- ਲੇਖਕ → ਲੇਖਕਾ
- ਪਾਠਕ → ਪਾਠਕਾ
- ਨਾਇਕ → ਨਾਇਕਾ
(ਹ) ‘ਕੰਨਾ + ਣੀ’ / ‘ਆ + ਣੀ’ ਵਧਾ ਕੇ
ਪੁਲਿੰਗ ਸ਼ਬਦਾਂ ਦੇ ਅੰਤ ਵਿੱਚ ‘ਆ + ਣੀ’ ਜਾਂ ‘ਣੀ’ ਵਧਾ ਕੇ ਇਸਤਰੀ-ਲਿੰਗ ਬਣਾਇਆ ਜਾਂਦਾ ਹੈ; ਜਿਵੇਂ:
- ਸੇਠ → ਸੇਠਾਣੀ
- ਤੁਰਕ → ਤੁਰਕਾਣੀ
- ਪੰਡਤ → ਪੰਡਤਾਣੀ
- ਖੱਤਰੀ → ਖੱਤਰਾਣੀ
- ਜੇਠ → ਜੇਠਾਣੀ, ਜਿਠਾਣੀ
- ਦਿਓਰ → ਦਿਓਰਾਣੀ, ਦਰਾਣੀ
- ਪ੍ਰੋਹਤ → ਪ੍ਰੋਹਤਾਣੀ
- ਮੁਗ਼ਲ → ਮੁਗ਼ਲ਼ਾਣੀ
- ਡਾਕਟਰ → ਡਾਕਟਰਾਣੀ
- ਨੌਕਰ → ਨੌਕਰਾਣੀ
- ਮਾਸਟਰ → ਮਾਸਟਰਾਣੀ
- ਚੌਧਰੀ → ਚੌਧਰਾਣੀ
ਕ) ‘ੜੀ’ ਜਾਂ ‘ਕੀ’ ਵਧਾ ਕੇ
ਪੁਲਿੰਗ ਸ਼ਬਦਾਂ ਦੇ ਅੰਤ ਵਿੱਚ ‘ੜੀ’ ਜਾਂ ‘ਕੀ’ ਵਧਾ ਕੇ ਇਸਤਰੀ-ਲਿੰਗ ਬਣਾਇਆ ਜਾਂਦਾ ਹੈ; ਜਿਵੇਂ:
- ਸੰਦੂਕ → ਸੰਦੂਕੜੀ
- ਛਾਬਾ → ਛਾਬੜੀ
- ਬਾਲ → ਬਾਲੜੀ
- ਖੰਭ → ਖੰਭੜੀ
- ਪੱਗ → ਪੱਗੜੀ
- ਸੂਤ → ਸੂਤੜੀ
- ਚੰਮ → ਚਮੜੀ
- ਢੋਲ → ਢੋਲਕੀ
2. ਜੇ ਪੁਲਿੰਗ ਨਾਂਵਾਂ ਦੇ ਅੰਤ ਵਿੱਚ ਕੰਨਾ ਹੋਵੇ ਤਾਂ ਕੰਨੇ ਦੀ ਥਾਂ ‘ਬਿਹਾਰੀ’ ਜਾਂ ‘ਨ’ ਲਾ ਕੇ ਜਾਂ ਕੰਨਾ ਹਟਾ ਕੇ ਇਸਤਰੀ-ਲਿੰਗ ਬਣਾਇਆ ਜਾਂਦਾ ਹੈ ; ਜਿਵੇਂ:
(ਉ) ਕੰਨੇ ਦੀ ਥਾਂ ਤੇ ਬਿਹਾਰੀ (ੀ) ਲਾ ਕੇ
- ਤੋਤਾ → ਤੋਤੀ
- ਚਾਚਾ → ਚਾਚੀ
- ਘੋੜਾ → ਘੋੜੀ
- ਟੋਲਾ → ਟੋਲੀ
- ਪੱਖਾ → ਪੱਖੀ
- ਗੱਭਾ → ਗੱਭੀ
- ਵੱਛਾ → ਵੱਛੀ
- ਖੁਰਪਾ → ਖੁਰਪੀ
- ਖੇਟਾ → ਖੇਟੀ
- ਸੋਟਾ → ਸੋਟੀ
- ਗਧਾ/ਖੋਤਾ → ਗਧੀ/ਖੋਤੀ
- ਚਰਖ਼ਾ → ਚਰਖ਼ੀ
- ਦਾਦਾ → ਦਾਦੀ
- ਬਾਟਾ → ਬਾਟੀ
- ਮਾਮਾ → ਮਾਮੀ
- ਕਾਕਾ → ਕਾਕੀ
- ਕਿਰਲਾ → ਕਿਰਲੀ
- ਆਰਾ → ਆਰੀ
- ਸੁਨਿਆਰਾ → ਸੁਨਿਆਰੀ
- ਗੋਲਾ → ਗੋਲੀ
- ਝੋਟਾ → ਝੋਟੀ
- ਨਾਨਾ → ਨਾਨੀ
- ਭੁੱਖਾ → ਭੁੱਖੀ
- ਬੋਤਾ → ਬੋਤੀ
- ਕੁੱਤਾ → ਕੁੱਤੀ
- ਲਾਲਾ → ਲਾਲੀ
- ਪੇਤਰਾ → ਪੇਤਰੀ
ਨੋਟ : ਇਹ ਨੇਮ ਨਾਂਵਾਂ ‘ਤੇ ਹੀ ਨਹੀਂ, ਸਗੋਂ ਪੜਨਾਂਵਾਂ, ਵਿਸ਼ੇਸ਼ਣਾਂ ਤੇ ਕਿਰਿਆਵਾਂ ‘ਤੇ ਵੀ ਲਾਗੂ ਹੁੰਦਾ ਹੈ ; ਜਿਵੇਂ :
ਪੜਨਾਂਵ: ਉਹਦਾ ਤੋਂ ਉਹਦੀ, ਕਿਹੜਾ ਤੋਂ ਕਿਹੜੀ, ਜਿਹੜਾ ਤੋਂ ਜਿਹੜੀ, ਤੇਰਾ ਤੋਂ ਤੇਰੀ, ਮੇਰਾ ਤੋਂ ਮੇਰੀ ਆਦਿ।
Pronouns also change according to gender, for example: his → her, yours (masculine) → yours (feminine).
ਵਿਸ਼ੇਸ਼ਣ: ਕੌੜਾ ਤੋਂ ਕੌੜੀ, ਚੌੜਾ ਤੋਂ ਚੌੜੀ, ਕਾਲ਼ਾ ਤੋਂ ਕਾਲ਼ੀ, ਬੁਰਾ ਤੋਂ ਬੁਰੀ, ਭੈੜਾ ਤੋਂ ਭੈੜੀ, ਹੌਲ਼ਾ ਤੋਂ ਹੌਲ਼ੀ, ਵਿਹਲਾ ਤੋਂ ਵਿਹਲੀ, ਪੀਲ਼ਾ ਤੋਂ ਪੀਲ਼ੀ ਆਦਿ।
Adjectives change their form according to masculine and feminine gender.
ਕਿਰਿਆ: ਸੁੱਤਾ ਤੋਂ ਸੁੱਤੀ, ਖਾਂਦਾ ਤੋਂ ਖਾਂਦੀ, ਕਰਦਾ ਤੋਂ ਕਰਦੀ, ਚਲਦਾ ਤੋਂ ਚਲਦੀ, ਆਦਿ।
Verbs also change according to gender.
(ਅ) ਕੰਨੇ ‘ਾ’ ਦੀ ਥਾਂ ਉਤੇ ਨ ਨੂੰ ਲਾ ਕੇ
ਪੁਲਿੰਗ ਸ਼ਬਦਾਂ ਦੇ ਅੰਤ ਵਿੱਚ ਆਉਣ ਵਾਲੇ ‘ਾ’ (ਕੰਨਾ) ਦੀ ਥਾਂ ‘ਨ’ ਲਾ ਕੇ ਇਸਤਰੀ-ਲਿੰਗ ਬਣਾਇਆ ਜਾਂਦਾ ਹੈ; ਜਿਵੇਂ:
- ਸਪੇਰਾ → ਸਪੇਰਨ
- ਵਣਜਾਰਾ → ਵਣਜਾਰਨ
- ਲੁਟੇਰਾ → ਲਟੇਰਨ
- ਕਸੇਰਾ → ਕਸੇਰਨ
- ਮਛੇਰਾ → ਮਛੇਰਨ
- ਠਠੇਰਾ → ਠਠੇਰਨ
- ਭਠਿਆਰਾ → ਭਠਿਆਰਨ
- ਹੱਤਿਆਰਾ → ਹੱਤਿਆਰਨ
- ਚਚੇਰਾ → ਚਚੇਰਨ
(3) ਜੇ ਪੁਲਿੰਗ ਨਾਂਵਾਂ ਦੇ ਅੰਤ ਵਿੱਚ ‘ਬਿਹਾਰੀ ਤੇ ਆ’ ਹੋਵੇ, ਤਾਂ ਉਹਨਾਂ ਨੂੰ ਹਟਾ ਕੇ ਜਾਂ ‘ਨ’ ਜਾਂ ‘ਣ’ ਲਾ ਕੇ ਇਸਤਰੀ-ਲਿੰਗ ਬਣਾਇਆ ਜਾਂਦਾ ਹੈ ; ਜਿਵੇਂ :
- ਅੰਮ੍ਰਿਤਸਰੀਆ → ਅੰਮ੍ਰਿਤਸਰਨ
- ਪਹਾੜੀਆ → ਪਹਾੜਨ
- ਕਸ਼ਮੀਰੀਆ → ਕਸ਼ਮੀਰਨ
- ਪੋਠੋਰਾਰੀਆ → ਪੋਠੋਹਾਰਨ
- ਹਟਵਾਣੀਆ → ਹਟਵਾਣਨ
- ਪੂਰਬੀਆ → ਪੂਰਬਣ
- ਸ਼ਹਿਰੀਆ → ਸ਼ਹਿਰਨ
- ਦੁਆਬੀਆ → ਦੁਆਬਣ
- ਲਾਹੌਰੀਆ → ਲਾਹੌਰਨ
(4) ਜੇ ਪੁਲਿੰਗ ਨਾਂਵਾਂ ਦੇ ਅੰਤ ਵਿੱਚ ਬਿਹਾਰੀ ਹੋਵੇ ਤਾਂ ਬਿਹਾਰੀ ਹਟਾ ਕੇ ‘ਣ’, ‘ਇਣ’, ‘ਨ’, ‘ਨੀ’, ‘ਣੀ’ ਜਾਂ ‘ਆਣੀ’ ਲਾ ਕੇ ਇਸਤਰੀ-ਲਿੰਗ ਬਣਾਇਆ ਜਾਂਦਾ ਹੈ ; ਜਿਵੇਂ :
(ਉ) ਬਿਹਾਰੀ ਦੀ ਥਾਂ ਣ ਲਾ ਕੇ
- ਜੋਗੀ → ਜੋਗਣ
- ਦਰਜ਼ੀ → ਦਰਜ਼ਣ
- ਬੰਗਾਲੀ → ਬੰਗਾਲਣ
- ਗੁਆਂਢੀ → ਗੁਆਂਢਣ
- ਭੋਗੀ → ਭੋਗਣ
- ਗਿਆਨੀ → ਗਿਆਨਣ
- ਧੋਬੀ → ਧੋਬਣ
- ਮਾਲੀ → ਮਾਲਣ
- ਸਾਥੀ → ਸਾਥਣ
- ਗੁਜਰਾਤੀ → ਗੁਜਰਾਤਣ
- ਤੇਲੀ → ਤੇਲਣ
- ਪੰਜਾਬੀ → ਪੰਜਾਬਣ
- ਰੋਗੀ → ਰੋਗਣ
- ਪਰਦੇਸੀ → ਪਰਦੇਸਣ
- ਮਰਾਠੀ → ਮਰਾਠਣ
(ਅ) ਬਿਹਾਰੀ ਦੀ ਥਾਂ ਇਣ ਲਾ ਕੇ
ਪੁਲਿੰਗ ਸ਼ਬਦਾਂ ਦੇ ਅੰਤ ਵਿੱਚ ਆਉਣ ਵਾਲੀ ਬਿਹਾਰੀ (ੀ) ਹਟਾ ਕੇ ‘ਇਣ’ ਲਾ ਕੇ ਇਸਤਰੀ-ਲਿੰਗ ਬਣਾਇਆ ਜਾਂਦਾ ਹੈ; ਜਿਵੇਂ:
- ਅਗਾਈਂ → ਅਗਾਇਣ
- ਹਲਵਾਈ → ਹਲਵਾਇਣ
- ਈਸਾਈ → ਈਸਾਇਣ
- ਕਸਾਈ → ਕਸਾਇਣ
- ਸ਼ੁਦਾਈ → ਸ਼ੁਦਾਇਣ
- ਨਾਈ → ਨਾਇਣ
(ੲ) ਬਿਹਾਰੀ ਦੀ ਥਾਂ ਨ ਲਾ ਕੇ
ਪੁਲਿੰਗ ਸ਼ਬਦਾਂ ਦੇ ਅੰਤ ਵਿੱਚ ਆਉਣ ਵਾਲੀ ਬਿਹਾਰੀ (ੀ) ਹਟਾ ਕੇ ‘ਨ’ ਲਾ ਕੇ ਇਸਤਰੀ-ਲਿੰਗ ਬਣਾਇਆ ਜਾਂਦਾ ਹੈ; ਜਿਵੇਂ:
- ਸ਼ਹਿਰੀ → ਸ਼ਹਿਰਨ
- ਪੁਜਾਰੀ → ਪੁਜਾਰਨ
- ਜੁਆਰੀ → ਜੁਆਰਨ
- ਹਾਣੀ → ਹਾਣਨ
- ਕਸ਼ਮੀਰੀ → ਕਸ਼ਮੀਰਨ
- ਪਟਵਾਰੀ → ਪਟਵਾਰਨ
- ਲਲਾਰੀ → ਲਲਾਰਨ
- ਮਦਾਰੀ → ਮਦਾਰਨ
- ਖਿਡਾਰੀ → ਖਿਡਾਰਨ
- ਲਿਖਾਰੀ → ਲਿਖਾਰਨ
- ਭਿਖਾਰੀ → ਭਿਖਾਰਨ
- ਪੰਸਾਰੀ → ਪੰਸਾਰਨ
(ਸ) ਬਿਹਾਰੀ ਦੀ ਥਾਂ ਣੀ ਜਾਂ ਆਣੀ ਲਾ ਕੇ
ਪੁਲਿੰਗ ਸ਼ਬਦਾਂ ਦੇ ਅੰਤ ਵਿੱਚ ਆਉਣ ਵਾਲੀ ਬਿਹਾਰੀ (ੀ) ਹਟਾ ਕੇ ‘ਣੀ’ ਜਾਂ ‘ਆਣੀ’ ਲਾ ਕੇ ਇਸਤਰੀ-ਲਿੰਗ ਬਣਾਇਆ ਜਾਂਦਾ ਹੈ; ਜਿਵੇਂ:
- ਸਾਂਸੀ → ਸਾਂਸਿਆਣੀ
- ਖੱਤਰੀ → ਖੱਤਰਾਣੀ
- ਚੌਧਰੀ → ਚੌਧਰਾਣੀ
(5) ਜੇ ਪੁਲਿੰਗ ਨਾਂਵਾਂ ਦੇ ਅੰਤ ਵਿੱਚ ਔਂਕੜ ਜਾਂ ਦੁਲੈਂਕੜ ਹੋਵੇ, ਤਾਂ ‘ਣੀ’, ‘ਆਣੀ’ ਜਾਂ ‘ਵਾਣੀ’ ਵਧਾ ਕੇ ਇਸਤਰੀ-ਲਿੰਗ ਬਣਾਇਆ ਜਾਂਦਾ ਹੈ; ਜਿਵੇਂ:
- ਸਾਧੂ → ਸਾਧਣੀ
- ਹਿੰਦੂ → ਹਿੰਦਵਾਣੀ
- ਪੇਂਡੂ → ਪੇਂਡੂਆਣੀ
ਨੋਟ: ਸਾਊ → ਸਾਊਆਣੀ ਗ਼ਲਤ ਹੈ, ਸੁਆਣੀ ਠੀਕ ਹੈ।
(6) ਕਈ ਵਾਰੀ ਬਿਨਾਂ ਕਿਸੇ ਨੇਮ ਦੇ ਲਿੰਗ-ਬਦਲੀ ਕੀਤੀ ਜਾਂਦੀ ਹੈ। ਅਜਿਹੀ ਹਾਲਤ ਵਿੱਚ ਦੋਵਾਂ ਲਿੰਗਾਂ ਦੇ ਸ਼ਬਦ ਵੱਖ-ਵੱਖ ਹੁੰਦੇ ਹਨ ; ਜਿਵੇਂ :
- ਉੱਲੂ → ਬਤੌਰੀ
- ਬਾਪੂ → ਬੇਬੇ
- ਖ਼ਸਮ → ਰੰਨ
- ਝੋਟਾ → ਮੱਝ
- ਬਲ਼ਦ (ਸਾਨ੍ਹ) → ਗਊ (ਗਾਂ)
- ਲਾੜਾ → ਵਹੁਟੀ
- ਪਾਤਸ਼ਾਹ → ਮਲਕਾ
- ਰਾਜਾ → ਰਾਣੀ
- ਬਾਦਸ਼ਾਹ → ਮਲਕਾ
- ਮੁੰਡਾ → ਕੁੜੀ
- ਦੇਵਤਾ → ਦੇਵੀ
- ਭਰਾ → ਭਰਜਾਈ
- ਹਾਰ → ਮਾਲ਼ਾ
- ਗੱਭਰੂ → ਮੁਟਿਆਰ
- ਮਰਦ → ਤੀਵੀਂ / ਔਰਤ
- ਨਰ → ਮਾਦਾ
- ਪਿਓ (ਪਿਤਾ) → ਮਾਂ (ਮਾਤਾ)
- ਭੇਡੂ → ਭੇਡ
- ਭੂਆ → ਫੁੱਫੜ
- ਦਿਓ → ਪਰੀ
- ਸਹੁਰਾ → ਸੱਸ
- ਕਵੀ → ਕਵਿੱਤਰੀ
- ਜਵਾਈ → ਧੀ
- ਪੁਰਖ → ਇਸਤਰੀ
- ਨਵਾਬ → ਬੇਗ਼ਮ
- ਮਿੱਤਰ → ਸਹੇਲੀ
- ਵਰ → ਕੰਨਿਆ
- ਪਤੀ → ਪਤਨੀ
- ਮਿੱਤਰ → ਸਹੇਲੀ
(7) ਕਈ ਪੁਲਿੰਗ-ਨਾਂਵ ਇਸਤਰੀ-ਲਿੰਗ ਨਾਂਵ ਤੋਂ ਬਣਦੇ ਹਨ ; ਜਿਵੇਂ :
- ਭੈਣ → ਭਣਵੱਈਆ
- ਨਨਾਣ → ਨਨਾਣਵੱਈਆ
- ਮਾਸੀ → ਮਾਸੜ
- ਫੁੱਫੀ / ਭੂਆ → ਫੁੱਫੜ
(8) ਕਈ ਪੁਲਿੰਗ ਨਾਂਵਾਂ ਦੇ ਦੋ-ਦੋ ਇਸਤਰੀ-ਲਿੰਗ ਹੁੰਦੇ ਹਨ ਅਤੇ ਕਈ ਇਸਤਰੀ-ਲਿੰਗ ਨਾਂਵਾਂ ਦੇ ਦੋ-ਦੋ ਪੁਲਿੰਗ ਹੁੰਦੇ ਹਨ, ਪਰ ਅਰਥ ਵੱਖੋ-ਵੱਖਰੇ ਹੁੰਦੇ ਹਨ ; ਜਿਵੇਂ :
- ਸਾਲ਼ਾ → ਸਾਲ਼ੀ, ਸਾਲ਼ੇਹਾਰ
- ਸਾਲ਼ੀ → ਸਾਲ਼ਾ, ਸਾਂਢੂ
- ਪੁੱਤਰ → ਧੀ, ਨੂੰਹ
- ਧੀ → ਪੁੱਤਰ, ਜਵਾਈ
- ਭਰਾ → ਭੈਣ, ਭਰਜਾਈ
- ਭੈਣ → ਭਰਾ, ਭਣਵੱਈਆ
(9) ਅਕਾਰ ਅਨੁਸਾਰ ਲਿੰਗ-ਬਦਲੀ : ਵੱਡਾ ਅਕਾਰ ਪੁਲਿੰਗ ਛੋਟਾ ਅਕਾਰ ਇਸਤਰੀ-ਲਿੰਗ ਹੁੰਦਾ ਹੈ; ਜਿਵੇਂ :
- ਪਤੀਲਾ → ਪਤੀਲੀ
- ਬਾਟਾ → ਬਾਟੀ
- ਪਹਾੜ → ਪਹਾੜੀ
- ਬੂਟਾ → ਬੂਟੀ
- ਡੱਬਾ → ਡੱਬੀ
- ਗਲਾਸ → ਗਲਾਸੀ
- ਸੋਟਾ → ਸੋਟੀ
- ਭੱਠਾ → ਭੱਠੀ
- ਕੜਾਹਾ → ਕੜਾਹੀ
- ਘੜਾ → ਘੜੀ
- ਗੁੱਭਾ → ਗੁੱਭੀ
- ਥਾਲ਼ → ਥਾਲ਼ੀ
- ਰੋਟ → ਰੋਟੀ
- ਪੀੜ੍ਹਾ → ਪੀੜ੍ਹੀ
- ਟੋਕਰਾ → ਟੋਕਰੀ
- ਮੱਖ → ਮੱਖੀ
- ਮੰਜਾ → ਮੰਜੀ
- ਖੂੰਡਾ → ਖੂੰਡੀ
- ਹਥੌੜਾ → ਹਥੌੜੀ
- ਪੱਖਾ → ਪੱਖੀ
- ਛੁਰਾ → ਛੁਰੀ
- ਕੌਲਾ → ਕੌਲੀ
- ਰੰਥਾ → ਰੰਥੀ
- ਕੜਛਾ → ਕੜਛੀ
- ਘੜਾ → ਘੜੀ
- ਸੰਦੂਕ → ਸੰਦੂਕੜੀ
(10) ਪੰਜਾਬੀ ਵਿੱਚ ਕਈ ਸ਼ਬਦ ਕੇਵਲ ਪੁਲਿੰਗ ਹੀ ਹੁੰਦੇ ਹਨ, ਉਹਨਾਂ ਦਾ ਇਸਤਰੀ-ਲਿੰਗ ਨਹੀਂ ਹੁੰਦਾ ਅਤੇ ਕਈ ਕੇਵਲ ਇਸਤਰੀ-ਲਿੰਗ ਹੀ ਹੁੰਦੇ ਹਨ, ਉਹਨਾਂ ਦਾ ਪੁਲਿੰਗ ਨਹੀਂ ਹੁੰਦਾ ; ਜਿਵੇਂ :
ਪੁਲਿੰਗ : ਅਕਾਸ਼, ਸੂਰਜ, ਹੰਕਾਰ, ਕਰੋਧ, ਘਿਓ, ਚੰਨ, ਤੇਲ, ਮਕਾਨ, ਲੋਹਾ, ਸੀਸਾ, ਮੇਜ਼, ਪਿੱਤਲ, ਨਰਕ, ਕਲੇਸ਼, ਪਿਆਰ ਤੇ ਮੀਂਹ ਆਦਿ।
ਇਸਤਰੀ-ਲਿੰਗ : ਅੱਗ, ਨੇਕੀ, ਚਾਂਦੀ, ਗਿਰਝ, ਇੱਲ, ਜੂੰ, ਤਸਵੀਰ, ਕਾਰ, ਚਾਦਰ, ਰਜਾਈ, ਸਿਆਹੀ, ਕੁਰਸੀ, ਹਿੰਮਤ, ਆਦਰ, ਇੱਟ, ਸ਼ਾਂਤੀ, ਹਵਾ, ਕੰਧ, ਧਰਤੀ, ਮਿਠਾਸ ਤੇ ਰੇਤ ਆਦਿ।
(11) ਪੰਜਾਬੀ ਵਿੱਚ ਕਈ ਸ਼ਬਦ ਅਜਿਹੇ ਹਨ, ਜਿਹੜੇ ਦੋਵਾਂ ਲਿੰਗ ਰੂਪਾਂ ਵਿੱਚ ਵਰਤੇ ਜਾਂਦੇ ਹਨ। ਅਜਿਹੇ ਸ਼ਬਦਾਂ ਦੇ ਲਿੰਗ ਬਾਰੇ ਜਾਣਕਾਰੀ ਵਾਕ ਵਿੱਚ ਵਰਤੀ ਗਈ ਕਿਰਿਆ, ਪੜਨਾਂਵ ਜਾਂ ਵਿਸ਼ੇਸ਼ਣ ਤੋਂ ਮਿਲਦੀ ਹੈ; ਜਿਵੇਂ:
(i) ਮੈਂ ਪੜ੍ਹ ਰਿਹਾ ਹਾਂ। (ਇੱਥੇ ‘ਮੈਂ’ ਪੁਲਿੰਗ ਰੂਪ ਵਿੱਚ ਹੈ)
ਮੈਂ ਪੜ੍ਹ ਰਹੀ ਹਾਂ। (ਇੱਥੇ ‘ਮੈਂ’ ਇਸਤਰੀ-ਲਿੰਗ ਰੂਪ ਵਿੱਚ ਹੈ)
(ii) ਉਹ ਸੁੱਤਾ ਪਿਆ ਹੈ। (ਇੱਥੇ ‘ਉਹ’ ਪੁਲਿੰਗ ਰੂਪ ਵਿੱਚ ਹੈ)
ਉਹ ਸੁੱਤੀ ਪਈ ਹੈ। (ਇੱਥੇ ‘ਉਹ’ ਇਸਤਰੀ-ਲਿੰਗ ਰੂਪ ਵਿੱਚ ਹੈ)
(iii) ਮੇਰਾ ਸਾਈਕਲ ਨਵਾਂ ਹੈ। (ਇੱਥੇ ‘ਸਾਈਕਲ’ ਪੁਲਿੰਗ ਰੂਪ ਵਿੱਚ ਹੈ)
ਮੇਰੀ ਸਾਈਕਲ ਨਵੀਂ ਹੈ। (ਇੱਥੇ ‘ਸਾਈਕਲ’ ਇਸਤਰੀ-ਲਿੰਗ ਰੂਪ ਵਿੱਚ ਹੈ)
(iv) ਮੈਂ ਅੱਜ ਦਾ ਅਖ਼ਬਾਰ ਪੜ੍ਹਿਆ ਸੀ। (ਇੱਥੇ ‘ਅਖਬਾਰ’ ਪੁਲਿੰਗ ਰੂਪ ਵਿੱਚ ਹੈ)
ਮੈਂ ਅੱਜ ਦੀ ਅਖ਼ਬਾਰ ਨਹੀਂ ਪੜ੍ਹੀ ਸੀ। (ਇੱਥੇ ‘ਅਖਬਾਰ’ ਇਸਤਰੀ-ਲਿੰਗ ਰੂਪ ਵਿੱਚ ਹੈ)
ਨੋਟ: ਕਈ ਵਾਰ ਪ੍ਰਸ਼ਨਾਂ ਵਿੱਚ ਲਿੰਗ-ਬਦਲੀ ਪੂਰੇ ਵਾਕ ਦੇ ਰੂਪ ਵਿੱਚ ਵੀ ਪੁੱਛੀ ਜਾਂਦੀ ਹੈ। ਇਸ ਲਈ ਵਾਕ ਵਿੱਚ ਲਿੰਗ-ਬਦਲੀ ਕਰਦੇ ਸਮੇਂ ਨਾਂਵ, ਪੜਨਾਂਵ, ਵਿਸ਼ੇਸ਼ਣ ਅਤੇ ਕਿਰਿਆ — ਸਭ ਨੂੰ ਬਦਲਣਾ ਚਾਹੀਦਾ ਹੈ; ਜਿਵੇਂ:
- ਧੋਬੀ ਕੱਪੜੇ ਧੋ ਰਿਹਾ ਹੈ।
ਧੋਬਣ ਕੱਪੜੇ ਧੋ ਰਹੀ ਹੈ। - ਮੇਰਾ ਵੱਡਾ ਭਰਾ ਡਾਕਟਰ ਹੈ।
ਮੇਰੀ ਵੱਡੀ ਭੈਣ ਡਾਕਟਰਨੀ ਹੈ। - ਅਧਿਆਪਕ ਮੁੰਡਿਆਂ ਨੂੰ ਪੜ੍ਹਾ ਰਿਹਾ ਹੈ।
ਅਧਿਆਪਕਾ ਕੁੜੀਆਂ ਨੂੰ ਪੜ੍ਹਾ ਰਹੀ ਹੈ। - ਕੁੜੀ ਸੱਪ ਅਤੇ ਹਾਥੀ ਤੋਂ ਡਰਦੀ ਹੈ।
ਮੁੰਡਾ ਸੱਪਣੀ ਅਤੇ ਹਥਣੀ ਤੋਂ ਡਰਦਾ ਹੈ। - ਮੁੰਡਾ ਆਪਣੇ ਪਿਤਾ ਅਤੇ ਮਾਮੇ ਨਾਲ਼ ਬਹੁਤ ਪਿਆਰ ਕਰਦਾ ਹੈ।
ਕੁੜੀ ਆਪਣੀ ਮਾਤਾ ਅਤੇ ਮਾਮੀ ਨਾਲ਼ ਬਹੁਤ ਪਿਆਰ ਕਰਦੀ ਹੈ। - ਭਾਬੀ ਨੇ ਦਰਜ਼ਣ ਕੋਲ਼ੋਂ ਕੁੜਤੀ ਅਤੇ ਪਜਾਮੀ ਸਿਵਾਈ।
ਭਰਾ ਨੇ ਦਰਜ਼ੀ ਕੋਲ਼ੋਂ ਕੁੜਤਾ ਅਤੇ ਪਜਾਮਾ ਸਿਵਾਇਆ। - ਮੁੰਡਾ ਅਤੇ ਉਸ ਦਾ ਦੋਸਤ ਪਹਾੜ ‘ਤੇ ਗਏ ਸਨ।
ਕੁੜੀ ਅਤੇ ਉਸ ਦੀ ਸਹੇਲੀ ਪਹਾੜੀ ‘ਤੇ ਗਈਆਂ ਸਨ। - ਜਾਦੂਗਰ ਨੇ ਜਾਦੂ ਵਿਖਾਇਆ।
ਜਾਦੂਗਰਨੀ ਨੇ ਜਾਦੂ ਵਿਖਾਇਆ। - ਠਾਣੇਦਾਰਨੀ ਦਾ ਪਤੀ ਕਵੀ ਹੈ।
ਠਾਣੇਦਾਰ ਦੀ ਪਤਨੀ ਕਵਿੱਤਰੀ ਹੈ। - ਮਾਤਾ ਆਪਣੇ ਪੁੱਤਰ ਵਾਸਤੇ ਕੰਨਿਆ ਲੱਭ ਰਹੀ ਹੈ।
ਪਿਤਾ ਆਪਣੀ ਧੀ ਵਾਸਤੇ ਵਰ ਲੱਭ ਰਿਹਾ ਹੈ। - ਗੱਭਰੂ ਭੰਗੜਾ ਪਾ ਰਹੇ ਹਨ।
ਸੁਟਿਆਰਾਂ ਗਿੱਧਾ ਪਾ ਰਹੀਆਂ ਹਨ। - ਜੱਟੀ ਨੇ ਮਾਲਣ ਨੂੰ ਬੁਲਾਇਆ ਸੀ।
ਜੱਟ ਨੇ ਮਾਲੀ ਨੂੰ ਬੁਲਾਇਆ ਸੀ। - ਬੰਗਾਲੀ ਬਾਬੂ ਸ਼ਹਿਰ ਦੇ ਨਵਾਬ ਨੂੰ ਮਿਲਿਆ।
ਬੰਗਾਲਣ ਸ਼ਹਿਰ ਦੀ ਬੇਗ਼ਮ ਨੂੰ ਮਿਲੀ। - ਭੂਆ ਅਤੇ ਮਾਮਾ ਜੀ ਆਏ ਹਨ।
ਫੁੱਫੜ ਅਤੇ ਮਾਸੀ ਜੀ ਆਏ ਹਨ।
ਤੁਸੀਂ ਹੁਣ ਇਸ article ਵਿੱਚ ਲਿੰਗ (Gender) ਨੂੰ detail ਵਿੱਚ ਪੜ੍ਹ ਲਿਆ ਹੈ। ਇਹ ਤੁਹਾਡੇ ਆਉਣ ਵਾਲੇ ਪੇਪਰਾਂ ਲਈ ਬਹੁਤ ਹੀ ਅਹਿਮ ਰਹਿਣ ਵਾਲਾ ਹੈ, ਕਿਉਂਕਿ ਕਈ aspirants ਇਸਨੂੰ serious ਨਹੀਂ ਲੈਂਦੇ ਅਤੇ ignore ਕਰ ਜਾਂਦੇ ਹਨ। ਇਸ ਦੀ ਜਾਣਕਾਰੀ ਹੋਣਾ ਬਹੁਤ ਹੀ ਮਹੱਤਵਪੂਰਨ ਹੈ। ਇਸ ਦੇ ਨਾਲ ਹੀ ਤੁਸੀਂ ਪਿਛਲੇ article ਵਿੱਚ ਨਾਂਵ (Noun) ਬਾਰੇ detail ਵਿੱਚ ਪੜ੍ਹਿਆ ਹੈ। ਜੇਕਰ ਤੁਸੀਂ ਇਸਨੂੰ ਹਜੇ ਤੱਕ ਨਹੀਂ ਪੜ੍ਹਿਆ, ਤਾਂ ਹੁਣੇ ਪੜ੍ਹੋ।
ਹੁਣ ਤੁਸੀਂ ਅਗਲੇ article ਵਿੱਚ ਵਚਨ (Number) ਨੂੰ detail ਵਿੱਚ ਪੜ੍ਹੋਗੇ। ਇਹ ਵੀ ਪੇਪਰਾਂ ਲਈ ਬਹੁਤ ਹੀ ਮਹੱਤਵਪੂਰਨ ਹੈ ਅਤੇ ਅਕਸਰ ਪ੍ਰਸ਼ਨ ਇਸ ਵਿਸ਼ੇ ‘ਤੇ ਪੁੱਛੇ ਜਾਂਦੇ ਹਨ।











