ਜਿਹੜੇ ਸ਼ਬਦ ਕਿਸੇ ਵਸਤੂ, ਵਿਅਕਤੀ ਜਾਂ ਸਥਾਨ ਦੇ ਇੱਕ (Singular) ਜਾਂ ਇੱਕ ਤੋਂ ਵੱਧ (Plural) ਹੋਣ ਬਾਰੇ ਦੱਸਣ, ਉਹਨਾਂ ਨੂੰ ਵਚਨ ਕਿਹਾ ਜਾਂਦਾ ਹੈ;
ਜਿਵੇਂ:
ਘੋੜਾ → ਘੋੜੇ, ਮਾਮਾ → ਮਾਮੇ, ਕੁੜੀ → ਕੁੜੀਆਂ ਆਦਿ।
Number is a grammatical category that tells whether a noun refers to one (singular) or more than one (plural).
Examples:
horse → horses, uncle → uncles, girl → girls
ਵਚਨ-ਭੇਦ: ਵਚਨ ਦੇ ਦੋ ਪ੍ਰਕਾਰ ਹੁੰਦੇ ਹਨ:
- ਇੱਕ-ਵਚਨ (Singular): ਜਿਹੜੇ ਸ਼ਬਦ ਕਿਸੇ ਵਸਤੂ, ਵਿਅਕਤੀ ਜਾਂ ਸਥਾਨ ਦੇ ਗਿਣਤੀ ਵਿੱਚ ਇੱਕ ਹੋਣ ਬਾਰੇ ਦੱਸਣ, ਉਹਨਾਂ ਨੂੰ ਇੱਕ-ਵਚਨ ਕਿਹਾ ਜਾਂਦਾ ਹੈ; ਜਿਵੇਂ: ਕਿਤਾਬ, ਗੱਭਾ, ਗੇਂਦ, ਚਾਚੀ, ਕੋਠੀ, ਬੱਚਾ ਆਦਿ।
Words that denote one person, place, or thing are called Singular. - ਬਹੁ-ਵਚਨ (Plural): ਜਿਹੜੇ ਸ਼ਬਦ ਗਿਣਤੀ ਵਿੱਚ ਇੱਕ ਤੋਂ ਵੱਧ ਵਸਤੂਆਂ, ਵਿਅਕਤੀਆਂ ਜਾਂ ਸਥਾਨਾਂ ਬਾਰੇ ਦੱਸਣ, ਉਹਨਾਂ ਨੂੰ ਬਹੁ-ਵਚਨ ਕਿਹਾ ਜਾਂਦਾ ਹੈ; ਜਿਵੇਂ: ਕਿਤਾਬਾਂ, ਗੱਭੇ, ਗੇਂਦਾਂ, ਚਾਚੀਆਂ, ਕੋਠੀਆਂ, ਬੱਚੇ ਆਦਿ।
Words that denote more than one person, place, or thing are called Plural.
ਵਚਨ-ਬਦਲੀ
ਇੱਕ-ਵਚਨ ਸ਼ਬਦਾਂ ਨੂੰ ਬਹੁ-ਵਚਨ ਵਿੱਚ ਜਾਂ ਬਹੁ-ਵਚਨ ਨੂੰ ਇੱਕ-ਵਚਨ ਵਿੱਚ ਬਦਲਣ ਨੂੰ ਵਚਨ-ਬਦਲੀ ਕਿਹਾ ਜਾਂਦਾ ਹੈ।
ਵਚਨ-ਬਦਲੀ ਦੇ ਮੁੱਖ ਨਿਯਮ
(1) ‘ਾਂ’ ਵਧਾ ਕੇ
ਜਿਹਨਾਂ ਸ਼ਬਦਾਂ ਦੇ ਅੰਤ ਵਿੱਚ ਮੁਕਤਾ ਹੋਵੇ, ਉਹਨਾਂ ਦੇ ਅੰਤ ਵਿੱਚ ਕੰਨਾ + ਬਿੰਦੀ (ਾਂ) ਵਧਾ ਕੇ ਬਹੁ-ਵਚਨ ਬਣਾਇਆ ਜਾਂਦਾ ਹੈ; ਜਿਵੇਂ:
- ਇੱਕ-ਵਚਨ – ਬਹੁ-ਵਚਨ
- ਰਾਤ → ਰਾਤਾਂ
- ਘਰ → ਘਰਾਂ
- ਮੋਰ → ਮੋਰਾਂ
- ਸ਼ੇਰ → ਸ਼ੇਰਾਂ
- ਅੱਖ → ਅੱਖਾਂ
- ਹੱਥ → ਹੱਥਾਂ
- ਕਲਮ → ਕਲਮਾਂ
- ਲੱਤ → ਲੱਤਾਂ
- ਤਲਵਾਰ → ਤਲਵਾਰਾਂ
- ਸ਼ਹਿਰ → ਸ਼ਹਿਰਾਂ
- ਦਵਾਤ → ਦਵਾਤਾਂ
- ਸਲੇਟ → ਸਲੇਟਾਂ
- ਗਾਜਰ → ਗਾਜਰਾਂ
- ਇੱਟ → ਇੱਟਾਂ
- ਕੁੱਕੜ → ਕੁੱਕੜਾਂ
- ਨੌਕਰ → ਨੌਕਰਾਂ
- ਵੇਲ → ਵੇਲਾਂ
- ਕਿਤਾਬ → ਕਿਤਾਬਾਂ
- ਪੈਨਸਿਲ → ਪੈਨਸਿਲਾਂ
- ਸੜਕ → ਸੜਕਾਂ
- ਗੇਂਦ → ਗੇਂਦਾਂ
- ਗਲਾਸ → ਗਲਾਸਾਂ
- ਗੱਲ → ਗੱਲਾਂ
- ਤਸਵੀਰ → ਤਸਵੀਰਾਂ
ਨੋਟ (ਉਲੰਘਣ): ਕਈ ਮੁਕਤਾ ਅੰਤਕ ਪੁਲਿੰਗ ਸ਼ਬਦ ਅਜਿਹੇ ਹੁੰਦੇ ਹਨ, ਜੋ ਵਾਕ ਅਨੁਸਾਰ ਬਹੁ-ਵਚਨ ਵਿੱਚ ਵੀ ਨਹੀਂ ਬਦਲਦੇ; ਜਿਵੇਂ:
ਕਿਸਾਨ → ਕਿਸਾਨ (same form for singular and plural)
ਕਿਸਾਨ:
- ਕਿਸਾਨ ਮਿੱਟੀ ਪਾ ਰਿਹਾ ਹੈ। (ਇੱਕ-ਵਚਨ)
- ਕਿਸਾਨ ਮਿੱਟੀ ਪਾ ਰਹੇ ਹਨ। (ਬਹੁ-ਵਚਨ – ਸਧਾਰਨ ਰੂਪ)
- ਕਿਸਾਨਾਂ ਨੇ ਮਿੱਟੀ ਪਾਈ ਸੀ। (ਬਹੁ-ਵਚਨ – ਸੰਬੰਧੀ ਰੂਪ)
ਬਾਂਦਰ:
- ਬਾਂਦਰ ਫੜਿਆ ਗਿਆ। (ਇੱਕ-ਵਚਨ)
- ਬਾਂਦਰ ਦੌੜ ਗਏ ਹਨ। (ਬਹੁ-ਵਚਨ)
- ਬਾਂਦਰਾਂ ਨੇ ਲੋਕਾਂ ‘ਚ ਦਹਿਸ਼ਤ ਪਾਈ ਹੈ। (ਬਹੁ-ਵਚਨ – ਸੰਬੰਧੀ ਰੂਪ)
(2) ਕੰਨੇ ਦੀ ਥਾਂ ਲਾਂ (ੇ) ਲਾ ਕੇ
ਜੇਕਰ ਪੁਲਿੰਗ ਸ਼ਬਦਾਂ ਦੇ ਅੰਤ ਵਿੱਚ ਕੰਨਾ (ਾ) ਹੋਵੇ, ਤਾਂ ਕੰਨੇ ਦੀ ਥਾਂ ਲਾਂ (ੇ) ਲਾ ਕੇ ਬਹੁ-ਵਚਨ ਬਣਾਇਆ ਜਾਂਦਾ ਹੈ ਅਤੇ ਸੰਬੰਧੀ ਰੂਪ ਲਈ ਇ + ਆਂ (ਿਆਂ) ਲਾਇਆ ਜਾਂਦਾ ਹੈ; ਜਿਵੇਂ:
- ਸ਼ਬਦ–ਸਧਾਰਨ ਰੂਪ–ਸੰਬੰਕੀ ਰੂਪ
- ਸੰਤਰਾ → ਸੰਤਰੇ → ਸੰਤਰਿਆਂ
- ਸ਼ੀਸ਼ਾ → ਸ਼ੀਸ਼ੇ → ਸ਼ੀਸ਼ਿਆਂ
- ਮੁੰਡਾ → ਮੁੰਡੇ → ਮੁੰਡਿਆਂ
- ਛੋਟਾ → ਛੋਟੇ → ਛੋਟਿਆਂ
- ਮੇਲਾ → ਮੇਲੇ → ਮੇਲਿਆਂ
- ਤੋਤਾ → ਤੋਤੇ → ਤੋਤਿਆਂ
- ਮਾਮਾ → ਮਾਮੇ → ਮਾਮਿਆਂ
- ਗੱਢਾ → ਗੱਢੇ → ਗੱਢਿਆਂ
- ਕੱਪੜਾ → ਕੱਪੜੇ → ਕੱਪੜਿਆਂ
- ਪੱਤਾ → ਪੱਤੇ → ਪੱਤਿਆਂ
- ਚਾਚਾ → ਚਾਚੇ → ਚਾਚਿਆਂ
- ਬਿੱਲਾ → ਬਿੱਲੇ → ਬਿੱਲਿਆਂ
- ਘੋੜਾ → ਘੋੜੇ → ਘੋੜਿਆਂ
- ਬੱਚਾ → ਬੱਚੇ → ਬੱਚਿਆਂ
- ਰੱਸਾ → ਰੱਸੇ → ਰੱਸਿਆਂ
- ਡੰਡਾ → ਡੰਡੇ → ਡੰਡਿਆਂ
- ਸੋਟਾ → ਸੋਟੇ → ਸੇਟਿਆਂ
- ਟੇਕਰਾ → ਟੇਕਰੇ → ਟੇਕਰਿਆਂ
- ਬੰਦਾ → ਬੰਦੇ → ਬੰਦਿਆਂ
- ਪੋਤਰਾ → ਪੋਤਰੇ → ਪੋਤਰਿਆਂ
- ਰਾਜਾ → ਰਾਜੇ → ਰਾਜਿਆਂ
ਨੋਟ (ਉਲੰਘਣ): ਕਈ ਵਾਰ ਲਾਂ ਵਾਲਾ ਰੂਪ (ੇ) ਇੱਕ-ਵਚਨ ਵਿੱਚ ਵੀ ਵਰਤਿਆ ਜਾਂਦਾ ਹੈ; ਜਿਵੇਂ:
ਘੋੜਾ:
- ਘੋੜਾ ਦੌੜਦਾ ਹੈ। (ਇੱਕ-ਵਚਨ)
- ਘੋੜੇ ਨੇ ਪਾਣੀ ਪੀਤਾ। (ਇੱਕ-ਵਚਨ)
- ਘੋੜੇ ਦੌੜਦੇ ਹਨ। (ਬਹੁ-ਵਚਨ)
- ਘੋੜਿਆਂ ਨੇ ਪਾਣੀ ਪੀਤਾ। (ਬਹੁ-ਵਚਨ)
ਤੋਤਾ:
- ਤੋਤੇ ਨੂੰ ਚੂਹੀ ਪਾਵੋ। (ਇੱਕ-ਵਚਨ)
- ਤੋਤੇ ਚੂਹੀ ਖਾ ਰਹੇ ਹਨ। (ਬਹੁ-ਵਚਨ)
(3) ਆਂ ਵਧਾ ਕੇ
ਜਿਹਨਾਂ ਇਸਤਰੀ-ਲਿੰਗ ਸ਼ਬਦਾਂ ਦੇ ਅੰਤ ਵਿੱਚ ਬਿਹਾਰੀ (ੀ), ਔਂਕੜ (ੁ), ਦੁਲੈਂਕੜ (ੂ), ਹੋੜਾ (ੋ) ਜਾਂ ਕਨੌੜਾ (ੌ) ਹੋਵੇ, ਉਹਨਾਂ ਨਾਲ਼ ‘ਆਂ’ ਵਧਾ ਕੇ ਬਹੁ-ਵਚਨ ਬਣਾਇਆ ਜਾਂਦਾ ਹੈ; ਜਿਵੇਂ:
(ਉ) ਬਿਹਾਰੀ (ੀ) ਅੰਤਕ ਸ਼ਬਦ
- ਇੱਕ-ਵਚਨ – ਬਹੁ-ਵਚਨ
- ਗੰਦੀ → ਗੰਦੀਆਂ
- ਘੋੜੀ → ਘੋੜੀਆਂ
- ਕੁੜੀ → ਕੁੜੀਆਂ
- ਛਤਰੀ → ਛਤਰੀਆਂ
- ਧੀ → ਧੀਆਂ
- ਕਹਾਣੀ → ਕਹਾਣੀਆਂ
- ਜੁੱਤੀ → ਜੁੱਤੀਆਂ
- ਮਾਸੀ → ਮਾਸੀਆਂ
- ਚੋਰੀ → ਚੋਰੀਆਂ
- ਮੋਤੀ → ਮੋਤੀਆਂ
- ਬੱਕਰੀ → ਬੱਕਰੀਆਂ
- ਚਿੜੀ → ਚਿੜੀਆਂ
- ਕੋਠੀ → ਕੋਠੀਆਂ
- ਚਾਚੀ → ਚਾਚੀਆਂ
- ਗੋਲੀ → ਗੋਲੀਆਂ
- ਮੋਰਨੀ → ਮੋਰਨੀਆਂ
- ਬੈਟਰੀ → ਬੈਟਰੀਆਂ
- ਕੌਲੀ → ਕੌਲੀਆਂ
- ਸਹੇਲੀ → ਸਹੇਲੀਆਂ
- ਤੱਕੜੀ → ਤੱਕੜੀਆਂ
- ਟੰਕੀ → ਟੰਕੀਆਂ
- ਟੋਕਰੀ → ਟੋਕਰੀਆਂ
- ਰੋਟੀ → ਰੋਟੀਆਂ
- ਤਾਈ → ਤਾਈਆਂ
- ਬੋਲੀ → ਬੋਲੀਆਂ
- ਮਾਮੀ → ਮਾਮੀਆਂ
- ਸਾਲ਼ੀ → ਸਾਲ਼ੀਆਂ
(ਅ) ਔਂਕੜ (ੁ) ਜਾਂ ਦੁਲੈਂਕੜ (ੂ) ਅੰਤਕ ਸ਼ਬਦ
ਜਿਹੜੇ ਸ਼ਬਦਾਂ ਦੇ ਅੰਤ ਵਿੱਚ ੁ / ੂ ਆਵੇ, ਉਹਨਾਂ ਨਾਲ ‘ਆਂ’ ਵਧਾ ਕੇ ਬਹੁ-ਵਚਨ ਬਣਾਇਆ ਜਾਂਦਾ ਹੈ; ਜਿਵੇਂ:
- ਇੱਕ-ਵਚਨ – ਬਹੁ-ਵਚਨ
- ਭਾਲੂ → ਭਾਲੂਆਂ
- ਨਹੁੰ→ ਨਹੁੰਆਂ
- ਕਚਾਲੂ → ਕਚਾਲੂਆਂ
- ਡਾਕੂ → ਡਾਕੂਆਂ
- ਗੁਰੂ → ਗੁਰੂਆਂ
- ਖੱਬੂ → ਖੱਬੂਆਂ
- ਰੋਂਦੂ → ਰੋਂਦੂਆਂ
- ਸਹੁੰ → ਸਹੁੰਆਂ
- ਗਊ → ਗਊਆਂ
- ਵਸਤੂ → ਵਸਤੂਆਂ
- ਜੁਗਨੂੰ → ਜਗਨੂੰਆਂ
- ਲੂ → ਲੂਆਂ
- ਕੱਛੂ → ਕੱਛੂਆਂ
- ਆਲੂ → ਆਲੂਆਂ
- ਚਾਕੂ → ਚਾਕੂਆਂ
- ਖ਼ੁਸ਼ਬੂ → ਖ਼ੁਸ਼ਬੂਆਂ
- ਜੂੰ → ਜੂੰਆਂ
- ਰੂਹ → ਰੂਹਾਂ
(ੲ) ‘ਵਾਂ’ ਵਧਾ ਕੇ
ਜਿਹਨਾਂ ਇਸਤਰੀ-ਲਿੰਗ ਸ਼ਬਦਾਂ ਦੇ ਅੰਤ ਵਿੱਚ ਕੰਨਾ (ਾ) ਜਾਂ ਕੰਨਾ ਬਿੰਦੀ (ਾਂ) ਹੋਵੇ, ਉਹਨਾਂ ਨਾਲ ‘ਵਾਂ’ ਵਧਾ ਕੇ ਬਹੁ-ਵਚਨ ਬਣਾਇਆ ਜਾਂਦਾ ਹੈ; ਜਿਵੇਂ:
1. ‘ਕੰਨਾ’ (ਾ) ਅੰਤਕ ਸ਼ਬਦ:
- ਇੱਕ-ਵਚਨ – ਬਹੁ-ਵਚਨ
- ਬਲਾ → ਬਲਾਵਾਂ
- ਹਵਾ → ਹਵਾਵਾਂ
- ਕਵਿਤਾ → ਕਵਿਤਾਵਾਂ
- ਇੱਛਾ → ਇੱਛਾਵਾਂ
- ਭਰਾ → ਭਰਾਵਾਂ
- ਕਥਾ → ਕਥਾਵਾਂ
- ਮਾਤਾ → ਮਾਤਾਵਾਂ
- ਕਿਰਿਆ → ਕਿਰਿਆਵਾਂ
- ਨੇਤਾ → ਨੇਤਾਵਾਂ
- ਜਟਾ → ਜਟਾਵਾਂ
- ਸੇਵਾ → ਸੇਵਾਵਾਂ
- ਸਜ਼ਾ → ਸਜ਼ਾਵਾਂ
2. ‘ਾਂ’ ਅੰਤਕ ਸ਼ਬਦ:
- ਇੱਕ-ਵਚਨ – ਬਹੁ-ਵਚਨ
- ਮਾਂ → ਮਾਵਾਂ
- ਗਾਂ → ਗਾਵਾਂ
- ਥਾਂ → ਥਾਵਾਂ
- ਕਾਂ → ਕਾਵਾਂ
- ਨਾਂ → ਨਾਵਾਂ
- ਲਾਂ → ਲਾਵਾਂ
- ਛਾਂ → ਛਾਵਾਂ
- ਸਰਾਂ → ਸਰਾਵਾਂ
(ਸ) ਪੜਨਾਂਵ ਅਤੇ ਕਿਰਿਆਵਾਂ ਦੇ ਬਹੁ-ਵਚਨ
- ਇੱਕ-ਵਚਨ – ਬਹੁ-ਵਚਨ
- ਮੈਂ → ਅਸੀਂ
- ਮੇਰਾ → ਸਾਡਾ
- ਮੈਨੂੰ → ਸਾਨੂੰ
- ਸੀ → ਸਨ
- ਤੂੰ → ਤੁਸੀਂ
- ਤੇਰਾ → ਤੁਹਾਡਾ
- ਤੈਨੂੰ → ਤੁਹਾਨੂੰ
- ਕਿਹੜਾ → ਕਿਹੜੇ
- ਉਹ → ਉਹਨਾਂ
- ਇਸ → ਇਨ੍ਹਾਂ
- ਹੈ → ਹਨ
- ਕਿਸ → ਕਿਨ੍ਹਾਂ
(ਹ) ਜੇ ਇੱਕ-ਵਚਨ ਨਾਂਵਾਂ ਦੇ ਪਹਿਲਾਂ ਸ੍ਰੀਮਾਨ, ਸ੍ਰੀਮਤੀ, ਮਹਾਰਾਜ ਆਦਿ ਜਾਂ ਬਾਅਦ ਵਿੱਚ ਜੀ, ਹੁਜ਼ੂਰ, ਸਾਹਿਬ ਆਦਿ ਸ਼ਬਦ ਸਤਿਕਾਰ ਵਜੋਂ ਵਰਤੇ ਜਾਣ, ਤਾਂ ਇੱਕ-ਵਚਨ ਨਾਂਵ ਵੀ ਬਹੁ-ਵਚਨ ਵਾਂਗ ਵਰਤੇ ਜਾਂਦੇ ਹਨ; ਜਿਵੇਂ:
- ਪਰਸੋਂ ਸ੍ਰੀਮਾਨ ਮਨਮੋਹਨ ਸਿੰਘ ਜੀ ਅੰਮ੍ਰਿਤਸਰ ਆ ਰਹੇ ਹਨ।
- ਮੰਤਰੀ ਸਾਹਿਬ ਦਿੱਲੀ ਵਿੱਚ ਦੌਰਾ ਕਰ ਰਹੇ ਹਨ।
- ਸ੍ਰੀਮਤੀ ਕਿਰਨਜੀਤ ਕੌਰ ਇੰਗਲੈਂਡ ਰਹਿ ਰਹੇ ਹਨ।
(ਕ) ਕਈ ਵਾਰੀ ਕਿਸੇ ਦਾ ਆਦਰ ਕਰਨ ਲੱਗਿਆਂ, ਭਾਸ਼ਣ ਦੇਣ ਲੱਗਿਆਂ ਜਾਂ ਲੇਖ ਲਿਖਣ ਲੱਗਿਆਂ ਇੱਕ-ਵਚਨ ਦੀ ਥਾਂ ਬਹੁ-ਵਚਨ ਦੀ ਵਰਤੋਂ ਕੀਤੀ ਜਾਂਦੀ ਹੈ; ਜਿਵੇਂ:
- ਪਿਤਾ ਜੀ ਆ ਰਹੇ ਹਨ।
(ਇੱਥੇ ‘ਪਿਤਾ’ ਇੱਕ-ਵਚਨ ਹੈ, ਪਰ ਆਦਰ ਲਈ ‘ਹੈ’ ਦੀ ਥਾਂ ‘ਹਨ’ ਵਰਤਿਆ ਗਿਆ ਹੈ।) - ਪ੍ਰਿੰਸੀਪਲ ਸਾਹਿਬ ਨੇ ਆਪਣੇ ਭਾਸ਼ਣ ਵਿੱਚ ਕਿਹਾ, “ਅਸੀਂ ਮੁੰਡਿਆਂ ਨੂੰ ਆਗਰਾ ਸੈਰ-ਸਪਾਟੇ ਲਈ ਭੇਜਣਾ ਨਹੀਂ ਚਾਹੁੰਦੇ।”
(ਇੱਥੇ ‘ਪ੍ਰਿੰਸੀਪਲ’ ਇੱਕ-ਵਚਨ ਹੈ, ਪਰ ਆਪਣੇ ਲਈ ‘ਮੈਂ’ ਦੀ ਥਾਂ ‘ਅਸੀਂ’ ਵਰਤ ਰਹੇ ਹਨ।) - ਅਸੀਂ ਕੱਲ੍ਹ ‘ਰਾਜਨੀਤੀ’ ਬਾਰੇ ਵਿਚਾਰ ਕੀਤਾ ਸੀ, ਅੱਜ ‘ਸੰਵਿਧਾਨ’ ਬਾਰੇ ਦੱਸਾਂਗੇ।
(ਇੱਥੇ ਬੋਲਣ ਵਾਲਾ ਇੱਕ ਹੈ, ਪਰ ਆਪਣੇ ਲਈ ਬਹੁ-ਵਚਨ ‘ਅਸੀਂ’ ਵਰਤ ਰਿਹਾ ਹੈ।)
(ਖ) ਕਈ ਸ਼ਬਦਾਂ ਦਾ ਇੱਕ-ਵਚਨ ਹੁੰਦਾ ਹੀ ਨਹੀਂ, ਉਹ ਹਮੇਸ਼ਾ ਬਹੁ-ਵਚਨ ਰੂਪ ਵਿੱਚ ਵਰਤੇ ਜਾਂਦੇ ਹਨ; ਜਿਵੇਂ: ਸਹੁਰੇ, ਦਾਦਕੇ, ਨਾਨਕੇ, ਪੇਕੇ, ਮਾਪੇ, ਲੋਕ ਆਦਿ।
(ਗ) ਇਸੇ ਤਰ੍ਹਾਂ ਪੰਜਾਬੀ ਵਿੱਚ ‘ਭੂਆ’ ਅਜਿਹਾ ਸ਼ਬਦ ਹੈ, ਜੋ ਕੇਵਲ ਇੱਕ-ਵਚਨ ਰੂਪ ਵਿੱਚ ਹੀ ਮਿਲਦਾ ਹੈ। ਇਸ ਲਈ ਇਸਦਾ ਬਹੁ-ਵਚਨ ਅਰਥ ਵਾਕ ਤੋਂ ਸਮਝ ਆਉਂਦਾ ਹੈ; ਜਿਵੇਂ:
- ਮੇਰੀ ਛੋਟੀ ਭੂਆ ਆਈ ਹੈ। (ਇੱਕ-ਵਚਨ)
- ਮੇਰੇ ਪਟਿਆਲ਼ੇ ਤੇ ਅੰਬਾਲੇ ਵਾਲ਼ੇ ਭੂਆ ਜੀ ਆਏ ਹਨ। (ਬਹੁ-ਵਚਨ ਅਰਥ)
ਵਾਕਾਂ ਵਿੱਚ ਵਚਨ(Number)-ਬਦਲੀ ਦੀ ਵਰਤੋਂ
ਕਈ ਵਾਰ ਪ੍ਰੀਖਿਆ ਵਿੱਚ ਵਚਨ-ਬਦਲੀ ਪੂਰੇ ਵਾਕ ਦੇ ਰੂਪ ਵਿੱਚ ਪੁੱਛੀ ਜਾਂਦੀ ਹੈ। ਇਸ ਲਈ ਨਾਂਵ, ਪੜਨਾਂਵ, ਕਿਰਿਆ ਅਤੇ ਵਿਸ਼ੇਸ਼ਣ ਦਾ ਧਿਆਨ ਰੱਖਣਾ ਚਾਹੀਦਾ ਹੈ; ਜਿਵੇਂ:
- ਕੁੜੀ ਪੜ੍ਹ ਰਹੀ ਸੀ। → ਕੁੜੀਆਂ ਪੜ੍ਹ ਰਹੀਆਂ ਸਨ।
- ਬਚਨ ਕੋਲ਼ ਸੁੰਦਰ ਜੰਦਰੇ ਹਨ। → ਬਚਨ ਕੋਲ਼ ਸੁੰਦਰ ਜੰਦਰਾ ਹੈ।
- ਮੇਰੀ ਭੈਣ ਮੇਰੀ ਸਹਾਇਤਾ ਕਰਦੀ ਹੈ। → ਮੇਰੀਆਂ ਭੈਣਾਂ ਮੇਰੀ ਸਹਾਇਤਾ ਕਰਦੀਆਂ ਹਨ।
- ਔਰਤ ਸੈਰ ਕਰ ਰਹੀ ਹੋਵੇਗੀ। → ਔਰਤਾਂ ਸੈਰ ਕਰ ਰਹੀਆਂ ਹੋਣਗੀਆਂ।
- ਕਮਰਿਆਂ ਦੀਆਂ ਚਾਬੀਆਂ ਲੱਭੋ। → ਕਮਰੇ ਦੀ ਚਾਬੀ ਲੱਭੋ।
- ਘੋੜਾ ਤੇ ਮੁੰਡਾ ਦੌੜ ਰਹੇ ਹਨ। → ਘੋੜੇ ਤੇ ਮੁੰਡੇ ਦੌੜ ਰਹੇ ਹਨ।
- ਮੁੰਡੇ ਕੋਠੇ ‘ਤੇ ਖੇਡ ਰਹੇ ਹਨ। → ਮੁੰਡਾ ਕੋਠੇ ‘ਤੇ ਖੇਡ ਰਿਹਾ ਹੈ।
- ਚਿੜੀ ਚੋਗਾ ਚੁਗ ਰਹੀ ਸੀ। → ਚਿੜੀਆਂ ਚੋਗਾ ਚੁਗ ਰਹੀਆਂ ਸਨ।
- ਅੱਜ ਰੇਲ ਗੱਡੀਆਂ ਲੇਟ ਹਨ। → ਅੱਜ ਰੇਲ ਗੱਡੀ ਲੇਟ ਹੈ।
- ਧੋਬੀ ਪੈਂਟਾ ਪ੍ਰੈੱਸ ਕਰਦਾ ਹੈ। → ਧੋਬੀ ਪੈਂਟਾ ਪ੍ਰੈੱਸ ਕਰਦੇ ਹਨ।
- ਕੁੜੀਆਂ ਪੜ੍ਹਦੀਆਂ ਹਨ, ਪੱਖੇ ਚਲਾ ਦੇਵੋ। → ਕੁੜੀ ਪੜ੍ਹਦੀ ਹੈ, ਪੱਖਾ ਚਲਾ ਦੇਵੋ।
- ਸਾਈਕਲ ਬਹੁਤ ਹੀ ਸੁੰਦਰ ਹੈ। → ਸਾਈਕਲ/ਸਾਈਕਲਾਂ ਬਹੁਤ ਹੀ ਸੁੰਦਰ ਹਨ।
- ਗਰਮ ਹਵਾ ਚੱਲ ਰਹੀ ਹੋਵੇਗੀ। → ਗਰਮ ਹਵਾਵਾਂ ਚੱਲ ਰਹੀਆਂ ਹੋਣਗੀਆਂ।
- ਅਸੀਂ ਸ਼ਹਿਰ ਗਏ ਸੀ। → ਮੈਂ ਸ਼ਹਿਰ ਗਿਆ ਸੀ।
- ਔਰਤ ਗੀਤ ਗਾ ਰਹੀ ਹੈ। → ਔਰਤਾਂ ਗੀਤ ਗਾ ਰਹੀਆਂ ਹਨ।
Punjabi Grammar other topics











