ਵਾਕ ਵਿੱਚ ਜਿਹੜੇ ਸ਼ਬਦਾਂ ਤੋਂ ਕਿਸੇ ਕੰਮ ਦੇ ਹੋਣ ਬਾਰੇ, ਵਾਪਰਨ ਬਾਰੇ ਜਾਂ ਕੀਤੇ ਜਾਣ ਬਾਰੇ (ਸਮੇਂ/ਕਾਲ਼ ਸਹਿਤ) ਪਤਾ ਲੱਗੇ, ਉਹਨਾਂ ਨੂੰ ਕਿਰਿਆ ਕਿਹਾ ਜਾਂਦਾ ਹੈ; ਜਿਵੇਂ: ਖੇਡਦਾ ਹੈ, ਖੇਡਦਾ ਸੀ, ਖੇਡੇਗਾ, ਆਦਿ।
ਪੰਜਾਬੀ ਵਿਆਕਰਣ ਵਿੱਚ ਕਿਰਿਆ ਆਮ ਤੌਰ ‘ਤੇ ਵਾਕ ਦੇ ਅੰਤ ਵਿੱਚ ਆਉਂਦੀ ਹੈ। ਜਿਵੇਂ:
ਉਦਾਹਰਨਾਂ:
- ਗਗਨ ਫੁਟਬਾਲ ਖੇਡ ਰਿਹਾ ਹੈ।
- ਅਨਹਦ ਪੁਸਤਕ ਪੜ੍ਹਦਾ ਹੈ।
- ਬੱਚਾ ਬਰੈੱਡ ਖਾਂਦਾ ਹੈ।
- ਦੀਪਕ ਸਕੂਲ ਗਿਆ ਸੀ।
ਇਨ੍ਹਾਂ ਵਾਕਾਂ ਵਿੱਚ ‘ਖੇਡ ਰਿਹਾ ਹੈ’, ‘ਪੜ੍ਹਦਾ ਹੈ’, ‘ਖਾਂਦਾ ਹੈ’, ‘ਗਿਆ ਸੀ’ ਸ਼ਬਦਾਂ ਤੋਂ ਕੰਮ ਦੇ ਹੋਣ ਦਾ ਸਮੇਂ ਸਮੇਤ ਪਤਾ ਲੱਗਦਾ ਹੈ। ਇਸ ਲਈ ਇਹ ਕਿਰਿਆ ਹਨ।
Verb is a word that shows an action, happening, or state along with time.
ਧਾਤੂ ਅਤੇ ਕਿਰਿਆ (Verb)
ਕਿਰਿਆ ਧਾਤੂ ਤੋਂ ਬਣਦੀ ਹੈ ਅਤੇ ਧਾਤੂ ਮੂਲ ਸ਼ਬਦਾਂ ਨੂੰ ਕਿਹਾ ਜਾਂਦਾ ਹੈ।
ਧਾਤੂ ਉਹ ਮੂਲ ਸ਼ਬਦ ਹਨ, ਜਿਨ੍ਹਾਂ ਤੋਂ ਵੱਖ-ਵੱਖ ਤਰ੍ਹਾਂ ਦੀਆਂ ਕਿਰਿਆਵਾਂ ਬਣਦੀਆਂ ਹਨ; ਜਿਵੇਂ: ਖੇਡ, ਚੜ੍ਹ, ਕਰ, ਖਾ, ਲਿਖ, ਭਰ, ਲੜ, ਸੁਣ, ਪੜ੍ਹ, ਪੀ, ਆਦਿ।
A root word from which verbs are formed is called a ਧਾਤੂ (Root/Base Form).
ਵਾਕ ਵਿੱਚ ਕਰਤਾ ਜਾਂ ਕਰਮ ਵਜੋਂ ਜੋ ਵੀ ਕਿਰਿਆ ‘ਤੋ ਪ੍ਰਭਾਵ ਪੈਂਦਾ ਹੈ, ਉਸ ਨੂੰ ਲਿੰਗ ਅਤੇ ਵਚਨ ਅਨੁਸਾਰ ਅਨੇਕ ਰੂਪਾਂ ਵਿੱਚ ਵੇਖਿਆ ਜਾ ਸਕਦਾ ਹੈ: ਜਿਵੇਂ ਮੂਲ ਧਾਤੂ ‘ਪੜ੍ਹ’ ਤੋਂ ਹੇਠ ਲਿਖੀਆਂ ਕਿਰਿਆਵਾਂ ਬਣ ਸਕਦੀਆਂ ਹਨ:
ਮੂਲ ਧਾਤੂ — ਪੜ੍ਹ
ਇਸ ਤੋਂ ਬਣੀਆਂ ਕਿਰਿਆਵਾਂ:
ਪੜ੍ਹਦਾ, ਪੜ੍ਹਦੇ, ਪੜ੍ਹਦੀ, ਪੜ੍ਹਦੀਆਂ, ਪੜ੍ਹਾਂ, ਪੜ੍ਹੇ, ਪੜ੍ਹੀਏ, ਪੜ੍ਹਾਂਗੇ, ਪੜ੍ਹਣਗੇ, ਪੜ੍ਹਣਾ, ਪੜ੍ਹਾਉਣਾ, ਪੜ੍ਹਾਵਾਂਗੇ, ਪੜ੍ਹਾਉਣਗੇ, ਪੜ੍ਹਿਆ, ਆਦਿ।
ਵਾਕ ਦੇ ਮੁੱਖ ਤੱਤ (Main Parts of a Sentence)
ਪੰਜਾਬੀ ਵਾਕ‑ਬਣਤਰ ਵਿੱਚ ਆਮ ਤੌਰ ‘ਤੇ ਤਿੰਨ ਮੁੱਖ ਤੱਤ ਹੁੰਦੇ ਹਨ।
- ਕਰਤਾ (Subject)
- ਕਰਮ (Object)
- ਕਿਰਿਆ (Verb)
1. ਕਰਤਾ (Subject)
ਕਿਸੇ ਵੀ ਵਾਕ ਵਿੱਚ ਕੰਮ ਕਰਨ ਵਾਲੇ ਨੂੰ ‘ਕਰਤਾ’ ਕਿਹਾ ਜਾਂਦਾ ਹੈ । ਭਾਵ ਵਾਕ ਵਿੱਚ ਕਿਰਿਆ ਦਾ ਕਾਰਜ ਕਰਨ ਵਾਲੇ ਨੂੰ ਕਰਤਾ ਕਿਹਾ ਜਾਂਦਾ ਹੈ ।
ਉਦਾਹਰਨ:
ਹਰਬੰਸ ਪੜ੍ਹ ਰਿਹਾ ਹੈ।
ਇਸ ਵਾਕ ਵਿੱਚ ‘ਹਰਬੰਸ’ ਕਰਤਾ ਹੈ।
2. ਕਰਮ (Object)
ਕਿਸੇ ਵੀ ਵਾਕ ਵਿੱਚ ਕਰਤਾ ਦੁਆਰਾ ਜਿਸ ਉੱਤੇ ਵੀ ਕੰਮ ਕੀਤਾ ਜਾਵੇ, ਉਸ ਨੂੰ ਹੀ ‘ਕਰਮ’ ਕਿਹਾ ਜਾਂਦਾ ਹੈ।
ਉਦਾਹਰਨ:
ਕੁੜੀ ਨੇ ਪਾਣੀ ਪੀਤਾ।
ਇਸ ਵਾਕ ਵਿੱਚ ‘ਪਾਣੀ’ ਕਰਮ ਹੈ।
ਨੋਟ: ਕਈ ਵਾਕਾਂ ਵਿੱਚ ਦੋ ਕਰਮ ਵੀ ਹੁੰਦੇ ਹਨ; ਜਿਵੇਂ:
‘ਕਿਸਾਨ ਨੇ ਸੱਪ ਨੂੰ ਡੰਡੇ ਨਾਲ਼ ਮਾਰਿਆ।’
ਇਸ ਵਾਕ ਵਿੱਚ ਦੋ ਕਰਮ ਹਨ। ਪਹਿਲਾ ‘ਕਿਸਾਨ’ ਅਤੇ ਦੂਜਾ ‘ਡੰਡਾ’। ਇਹਨਾਂ ਨੂੰ ਕ੍ਰਮਵਾਰ ਪ੍ਰਧਾਨ‑ਕਰਮ ਅਤੇ ਅਪ੍ਰਧਾਨ‑ਕਰਮ ਕਿਹਾ ਜਾਂਦਾ ਹੈ।
ਕਿਰਿਆ ਦੀਆਂ ਕਿਸਮਾਂ
- ਅਕਰਮਕ-ਕਿਰਿਆ
(1) ਪੂਰਨ ਅਕਰਮਕ ਕਿਰਿਆ
(2) ਅਪੂਰਨ ਅਕਰਮਕ ਕਿਰਿਆ - ਸਕਰਮਕ-ਕਿਰਿਆ
(1) ਪੂਰਨ ਸਕਰਮਕ ਕਿਰਿਆ
(2) ਅਪੂਰਨ ਸਕਰਮਕ ਕਿਰਿਆ
1. ਅਕਰਮਕ-ਕਿਰਿਆ
‘ਅਕਰਮਕ’ ਤੋਂ ਭਾਵ ਹੈ ‘ਕਰਮ ਤੋਂ ਬਿਨਾਂ’। ਜਿਸ ਵਾਕ ਵਿੱਚ ਕਿਰਿਆ ਦਾ ਕਰਮ ਨਾ ਹੋਵੇ ਤੇ ਉਸ ਕਿਰਿਆ ਦਾ ਕਾਰਜ ਉਸ ਦੇ ਕਰਤਾ ਤੱਕ ਹੀ ਸੀਮਿਤ ਰਹੇ, ਉਸ ਨੂੰ ਅਕਰਮਕ ਕਿਰਿਆ ਕਿਹਾ ਜਾਂਦਾ ਹੈ; ਜਿਵੇਂ :
(ਉ) ਮੁੰਡਾ ਖੇਡਦਾ ਹੈ।
(ਅ) ਕੁੜੀ ਗਾਉਂਦੀ ਹੈ।
(ੲ) ਬੱਚੇ ਖੇਡਦੇ ਹਨ।
ਉਪਰੋਕਤ ਵਾਕਾਂ ਵਿੱਚ ‘ਮੁੰਡਾ, ਕੁੜੀ ਅਤੇ ਬੱਚੇ’ ਸਿਰਫ਼ ਕਰਤਾ ਹੀ ਹਨ। ਇਹਨਾਂ ਦੀਆਂ ਕਿਰਿਆਵਾਂ ‘ਖੇਡਦਾ ਹੈ, ਗਾਉਂਦੀ ਹੈ, ਖੇਡਦੇ ਹਨ’ ਅਕਰਮਕ-ਕਿਰਿਆਵਾਂ ਹਨ। ਇਨ੍ਹਾਂ ਵਿੱਚ ਕਰਮ ਦੀ ਅਣਹੋਂਦ ਹੈ।
ਅਕਰਮਕ-ਕਿਰਿਆ ਅੱਗੇ ਦੋ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ:
(i) ਪੂਰਨ ਅਕਰਮਕ ਕਿਰਿਆ
ਜਿਹੜੀ ਅਕਰਮਕ ਕਿਰਿਆ ਕਰਤਾ ਨਾਲ਼ ਮਿਲ ਕੇ ਪੂਰਾ ਤੇ ਸਾਰਥਕ ਵਾਕ ਬਣਾ ਦੇਵੇ, ਉਸ ਨੂੰ ਪੂਰਨ ਅਕਰਮਕ ਕਿਰਿਆ ਕਿਹਾ ਜਾਂਦਾ ਹੈ; ਜਿਵੇਂ :
- ਸ਼ੇਰ ਗਰਜਿਆ।
- ਮੁੰਡਾ ਰੋਇਆ।
- ਪੁਲਿਸ ਆਈ।
ਇਹਨਾਂ ਵਾਕਾਂ ਵਿੱਚ ਸ਼ੇਰ, ਮੁੰਡਾ ਅਤੇ ਪੁਲਿਸ ਕਰਤਾ ਹਨ, ਜਦੋਂ ਕਿ ‘ਗਰਜਿਆ, ਰੋਇਆ, ਆਈ’ ਅਕਰਮਕ ਕਿਰਿਆਵਾਂ ਹਨ, ਪਰ ਵਾਕ ਸਾਰਥਕ ਹਨ।
(ii) ਅਪੂਰਨ ਅਕਰਮਕ ਕਿਰਿਆ
ਜਿਹੜੀ ਅਕਰਮਕ ਕਿਰਿਆ ਆਪਣੇ ਕਰਤਾ ਨਾਲ਼ ਮਿਲ ਕੇ ਪੂਰਾ ਤੇ ਸਾਰਥਕ ਵਾਕ ਨਾ ਬਣਾ ਸਕੇ, ਉਸ ਨੂੰ ਅਪੂਰਨ ਅਕਰਮਕ ਕਿਰਿਆ ਕਿਹਾ ਜਾਂਦਾ ਹੈ; ਜਿਵੇਂ :
- ਪਾਣੀ ਹੋ ਗਿਆ ਹੈ।
ਉਪਰੋਕਤ ਵਾਕ ਵਿੱਚ ਕਰਤਾ ਅਤੇ ਅਕਰਮਕ ਕਿਰਿਆ ਦੋਵੇਂ ਆਏ ਹਨ, ਫਿਰ ਵੀ ਵਾਕ ਅਧੂਰਾ ਤੇ ਅਪੂਰਨ ਹੈ। ਕਿਉਂਕਿ ਇਹ ਵਾਕ ਦਿਮਾਗ਼ ਵਿੱਚ ਪ੍ਰਸ਼ਨਾਂ ਦੀ ਝੜੀ ਲਾ ਦਿੰਦਾ ਹੈ ਕਿ ਪਾਣੀ ਨੂੰ ਕੀ ਹੋ ਗਿਆ ? ਕੀ ਉਹ ਗਰਮ, ਖ਼ਰਾਬ ਜਾਂ ਠੰਡਾ ਹੋ ਗਿਆ ਹੈ ? ਇਸੇ ਲਈ ਇਹ ਅਪੂਰਨ ਅਕਰਮਕ ਕਿਰਿਆ ਹੈ।
2. ਸਕਰਮਕ ਕਿਰਿਆ
‘ਸਕਰਮਕ’ ਤੋਂ ਭਾਵ ਹੈ ‘ਕਰਮ’ ਦੇ ਨਾਲ ਜਾਂ ‘ਕਰਮ’ ਦੇ ਸਹਿਤ। ਜਿਸ ਵਾਕ ਵਿੱਚ ਕਿਰਿਆ ਦਾ ਕਰਤਾ ਅਤੇ ਕਰਮ ਦੋਵੇਂ ਹੁੰਦੇ ਹਨ, ਉਸ ਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ; ਜਿਵੇਂ:
- ਬੱਚਾ ਰੋਟੀ ਖਾਂਦਾ ਹੈ।
- ਕੁੜੀ ਗ਼ਜ਼ਲ ਗਾਉਂਦੀ ਹੈ।
- ਮੁੰਡਾ ਫੁੱਟਬਾਲ ਖੇਡਦਾ ਹੈ।
ਉਪਰੋਕਤ ਵਾਕਾਂ ਵਿੱਚ ਬੱਚਾ, ਕੁੜੀ ਅਤੇ ਮੁੰਡਾ ਕਰਤਾ ਨਾਲ਼ ਤਰਤੀਬਵਾਰ ਰੋਟੀ, ਗ਼ਜ਼ਲ ਤੇ ਫੁੱਟਬਾਲ ਕਰਮ ਆਏ ਹਨ। ਇਹ ਇਨ੍ਹਾਂ ਵਾਕਾਂ ਵਿੱਚ ਕਰਤਾ ਅਤੇ ਕਰਮ ਦੋਵੇਂ ਮੌਜੂਦ ਹੋਣ ਕਾਰਨ ਇਹ ਸਕਰਮਕ-ਕਿਰਿਆਵਾਂ ਹਨ।
ਸਕਰਮਕ-ਕਿਰਿਆ ਅੱਗੇ ਦੋ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ:
(i) ਪੂਰਨ ਸਕਰਮਕ-ਕਿਰਿਆ
ਜਿਹੜੀ ਸਕਰਮਕ-ਕਿਰਿਆ ਆਪਣੇ ਕਰਤਾ ਅਤੇ ਕਰਮ ਨਾਲ਼ ਮਿਲ ਕੇ ਪੂਰਾ ਤੇ ਅਰਥ-ਪੂਰਨ ਵਾਕ ਬਣਾਵੇ, ਉਸ ਨੂੰ ਪੂਰਨ ਸਕਰਮਕ-ਕਿਰਿਆ ਕਿਹਾ ਜਾਂਦਾ ਹੈ; ਜਿਵੇਂ :
- ਔਰਤਾਂ ਨੇ ਗਿੱਧਾ ਪਾਇਆ।
- ਕਿਸਾਨਾਂ ਨੇ ਵੱਟਾਂ ਪਾਈਆਂ।
ਇਨ੍ਹਾਂ ਵਾਕਾਂ ਵਿੱਚ ‘ਔਰਤਾਂ’ ਤੇ ‘ਕਿਸਾਨਾਂ’ ਕਰਤਾ ਹਨ ਤੇ ‘ਗਿੱਧਾ’ ਤੇ ‘ਵੱਟਾਂ’ ਕਰਮ ਹਨ ਤੇ ‘ਪਾਇਆ’ ਤੇ ‘ਪਾਈਆਂ‘ ਸਕਰਮਕ-ਕਿਰਿਆਵਾਂ ਹਨ।
(ii) ਅਪੂਰਨ ਸਕਰਮਕ-ਕਿਰਿਆ
ਜਿਹੜੀ ਸਕਰਮਕ-ਕਿਰਿਆ ਆਪਣੇ ਕਰਤਾ ਅਤੇ ਕਰਮ ਨਾਲ਼ ਮਿਲ ਕੇ ਪੂਰਾ ਤੇ ਅਰਥ-ਪੂਰਨ ਵਾਕ ਨਾ ਬਣਾ ਸਕੇ, ਉਸ ਨੂੰ ਅਪੂਰਨ ਸਕਰਮਕ-ਕਿਰਿਆ ਕਿਹਾ ਜਾਂਦਾ ਹੈ; ਜਿਵੇਂ :
- ਹਰਬੰਸ ਗੁਆਂਢੀ ਨੂੰ ਦੱਸਣ ਲੱਗਾ।
- ਮਾਂ ਨੇ ਛੋਟੀ ਧੀ ਨੂੰ ਬਣਾ ਦਿੱਤਾ।
ਇਹਨਾਂ ਵਾਕਾਂ ਵਿੱਚ ‘ਹਰਬੰਸ/ਮਾਂ’ ਕਰਤਾ ਹਨ ਤੇ ‘ਗੁਆਂਢੀ/ਧੀ’ ਕਰਮ ਅਤੇ ‘ਦੱਸਣ ਲੱਗਾ/ਬਣਾ ਦਿੱਤਾ’ ਕਿਰਿਆ ਹਨ, ਪਰ ਫਿਰ ਵੀ ਇਹ ਵਾਕ ਅਪੂਰੇ ਤੇ ਅਪੂਰਨ ਹਨ। ਇਸ ਲਈ ਇਹ ਅਪੂਰਨ ਸਕਰਮਕ-ਕਿਰਿਆ ਹੈ।
ਕਿਰਿਆ ਦੇ ਹੋਰ ਰੂਪ
ਅਕਰਮਕ ਤੇ ਸਕਰਮਕ-ਕਿਰਿਆਵਾਂ ਤੋਂ ਇਲਾਵਾ ਕਿਰਿਆ ਦੇ ਹੋਰ ਰੂਪ ਵੀ ਮਿਲਦੇ ਹਨ; ਜਿਵੇਂ :
1. ਸੰਸਰਗੀ ਕਿਰਿਆ
ਕਈ ਵਾਕਾਂ ਵਿੱਚ ‘ਹੈ’ ਜਾਂ ‘ਸੀ’ ਇਕੱਲਾ ਸ਼ਬਦ ਹੀ ਕਿਰਿਆ ਦਾ ਰੂਪ ਹੁੰਦਾ ਹੈ, ਜਿਸ ਨੂੰ ਸੰਸਰਗੀ ਕਿਰਿਆ ਕਿਹਾ ਜਾਂਦਾ ਹੈ; ਜਿਵੇਂ :
- ਰਣਬੀਰ ਇੱਕ ਇਮਾਨਦਾਰ ਆਦਮੀ ਹੈ।
- ਕੁਲਦੀਪ ਅਮੀਰ ਸੀ।
ਇਹਨਾਂ ਵਾਕਾਂ ‘ਚ ‘ਹੈ’ ਅਤੇ ‘ਸੀ’ ਸੰਸਰਗੀ ਕਿਰਿਆਵਾਂ ਹਨ।
2. ਸਹਾਇਕ ਕਿਰਿਆ
ਜਦੋਂ ‘ਹੈ’, ‘ਸੀ’ ਤੇ ਇਨ੍ਹਾਂ ਦੇ ਹੋਰ ਰੂਪ ‘ਸਕਦਾ’, ‘ਚਾਹੀਦਾ’ ਅਕਰਮਕ ਜਾਂ ਸਕਰਮਕ ਨਾਲ਼ ਮਿਲ ਕੇ ਕਿਰਿਆ ਦਾ ਕੰਮ ਕਰਨ ਤਾਂ ਉਹਨਾਂ ਨੂੰ ਸਹਾਇਕ ਕਿਰਿਆ ਕਿਹਾ ਜਾਂਦਾ ਹੈ; ਜਿਵੇਂ :
- ਹਨੀ ਗੀਤ ਗਾ ਸਕਦਾ ਹੈ।
- ਤੁਹਾਨੂੰ ਦਾਨ ਦੇਣਾ ਚਾਹੀਦਾ ਹੈ।
3. ਮੁੱਖ ਕਿਰਿਆ
ਮੁੱਖ ਕਿਰਿਆ ਸਹਾਇਕ ਕਿਰਿਆ ਤੋਂ ਬਿਨਾਂ ਵੀ ਹੋ ਸਕਦੀ ਹੈ ਤੇ ਸਹਾਇਕ ਕਿਰਿਆ ਦੇ ਨਾਲ਼ ਵੀ; ਜਿਵੇਂ :
- ਇਹ ਦੁਕਾਨਦਾਰ ਸਾਰੇ ਸੌਦੇ ਰੱਖਦਾ ਹੈ।
ਇਸ ਵਾਕ ‘ਚ ‘ਰੱਖਦਾ ਹੈ’ ਮੁੱਖ ਕਿਰਿਆ ਹੈ।
ਹੋਰ ਬਹੁਤ ਮਹੱਤਵਪੂਰਨ ਪੰਜਾਬੀ ਵਿਆਕਰਨ ਦੇ ਵਿਸ਼ੇ, ਜਿਨ੍ਹਾਂ ਨੂੰ ਤੁਹਾਨੂੰ ਵੀ ਸਿੱਖਣਾ ਚਾਹੀਦਾ ਹੈ।
- ਵਿਸ਼ੇਸ਼ਣ (Adjective)
- ਪੜਨਾਂਵ
- ਕਾਰਕ
- ਵਚਨ
- ਲਿੰਗ
- ਨਾਂਵ
- ਬਹੁ-ਅਰਥਕ ਸ਼ਬਦ
- ਅਰਥ-ਬੋਧ(Arth-Bodh)
- ਪਿਛੇਤਰ
- ਉਤਪੰਨ ਸ਼ਬਦ
- ਸ਼ਬਦ-ਰਚਨਾ ਤੇ ਸਮਾਸੀ ਸ਼ਬਦ
- ਤਤਸਮ ਸ਼ਬਦ











