ਯੋਜਕ (Conjunction)

Official WhatsApp Channel – RankersChoice
Daily MCQs • Exam Alerts • Solved Papers • Expert Tips
Trusted by top rankers – Get exam-ready with us!
Join Now

‘ਯੋਜਕ’ ਸ਼ਬਦ ਦਾ ਅਰਥ ‘ਜੋੜਨ ਵਾਲ਼ਾ’ ਹੁੰਦਾ ਹੈ।
Conjunction means a joining word.
ਜਿਹੜੇ ਸ਼ਬਦ ਦੋ ਸ਼ਬਦਾਂ, ਵਾਕੰਸ਼ਾਂ ਜਾਂ ਵਾਕਾਂ ਨੂੰ ਆਪਸ ਵਿੱਚ ਜੋੜਣ, ਉਹਨਾਂ ਨੂੰ ਯੋਜਕ ਕਿਹਾ ਜਾਂਦਾ ਹੈ।
ਜਾਂ
ਜਿਹੜੇ ਸ਼ਬਦ ਦੋ ਗੱਲਾਂ ਜਾਂ ਵਾਕਾਂ ਨੂੰ ਆਪਸ ਵਿੱਚ ਮਿਲਾਉਣ ਦਾ ਕੰਮ ਕਰਦੇ ਹਨ, ਉਹ ਯੋਜਕ ਕਹਾਉਂਦੇ ਹਨ।

ਉਦਾਹਰਨ:
ਤੇ, ਅਤੇ, ਪਰ, ਕਿਉਂਕਿ, ਜਿਹੜਾ, ਇਸ ਲਈ, ਤਾਂ, ਸਗੋਂ, ਆਦਿ।

ਵਾਕਾਂ ਵਿੱਚ ਵਰਤੋਂ:

  1. ਬਲਰਾਜ ਤੇ ਹਰਮਨ ਖੇਡ ਰਹੇ ਹਨ।
    (ਇੱਥੇ ‘ਤੇ’ ਦੋ ਨਾਂਵਾਂ ਨੂੰ ਜੋੜ ਰਿਹਾ ਹੈ।)
  2. ਮੈਂ ਸ਼ਹਿਰ ਜਾਣਾ ਸੀ, ਪਰ ਮੀਂਹ ਪੈ ਰਿਹਾ ਹੈ।
    (ਇੱਥੇ ‘ਪਰ’ ਦੋ ਵਾਕਾਂ ਨੂੰ ਜੋੜ ਰਿਹਾ ਹੈ।)
  3. ਦੀਪਕ ਸਕੂਲ ਨਹੀਂ ਆਇਆ, ਕਿਉਂਕਿ ਉਹ ਬਿਮਾਰ ਸੀ।
    (ਇੱਥੇ ‘ਕਿਉਂਕਿ’ ਕਾਰਨ ਦੱਸਦੇ ਹੋਏ ਦੋ ਵਾਕਾਂ ਨੂੰ ਜੋੜ ਰਿਹਾ ਹੈ।)

ਵਾਕ ਵਿੱਚ ਯੋਜਕਾਂ ਦੀ ਵਰਤੋਂ

ਵਾਕ ਵਿੱਚ ਯੋਜਕ ਦੋ ਤਰੀਕਿਆਂ ਨਾਲ ਵਰਤੇ ਜਾਂਦੇ ਹਨ :

  1. ਇਕੱਲੇ ਤੌਰ ‘ਤੇ
  2. ਜੋੜ ਦੇ ਰੂਪ ਵਿੱਚ

1. ਇਕੱਲੇ ਤੌਰ ‘ਤੇ

ਜਦੋਂ ਇੱਕ ਹੀ ਯੋਜਕ ਸ਼ਬਦ ਵਰਤਿਆ ਜਾਵੇ, ਉਸ ਨੂੰ ਇਕੱਲੇ ਤੌਰ ‘ਤੇ ਵਰਤਿਆ ਯੋਜਕ ਕਹਿੰਦੇ ਹਨ।

ਉਦਾਹਰਨ:
ਤੇ, ਅਤੇ, ਕਿ, ਜਾਂ, ਆਦਿ।

ਵਾਕਾਂ ਵਿੱਚ ਵਰਤੋਂ:

  1. ਸ਼ੀਲਾ ਤੇ ਗੀਤਾ ਸਹੇਲੀਆਂ ਹਨ।
    (ਇੱਥੇ ‘ਤੇ’ ਦੋ ਨਾਂਵਾਂ ਨੂੰ ਜੋੜ ਰਿਹਾ ਹੈ।)
  2. ਮੈਨੂੰ ਪਤਾ ਸੀ ਕਿ ਗੁਰਮੀਤ ਜ਼ਰੂਰ ਆਵੇਗਾ।
    (ਇੱਥੇ ‘ਕਿ’ ਦੋ ਗੱਲਾਂ ਨੂੰ ਜੋੜ ਰਿਹਾ ਹੈ।)

2. ਜੋੜ ਦੇ ਰੂਪ ਵਿੱਚ

ਜਦੋਂ ਦੋ ਯੋਜਕ ਮਿਲ ਕੇ ਵਰਤੇ ਜਾਣ, ਉਹਨਾਂ ਨੂੰ ਜੋੜ ਵਾਲੇ ਯੋਜਕ ਕਿਹਾ ਜਾਂਦਾ ਹੈ।

ਉਦਾਹਰਨ:
ਜੇ-ਤਾਂ, ਜਦੋਂ-ਉਦੋਂ, ਭਾਵੇਂ-ਫਿਰ ਵੀ, ਪਰ-ਚਾਹੇ, ਇਸ ਲਈ-ਕਿਉਂਕਿ, ਜੋ-ਸੋ, ਆਦਿ।

ਵਾਕਾਂ ਵਿੱਚ ਵਰਤੋਂ:

  1. ਜੇ ਰਾਮ ਗਿਆ ਤਾਂ ਮੈਂ ਵੀ ਜਾਵਾਂਗਾ।
    (ਇੱਥੇ ‘ਜੇ-ਤਾਂ’ ਦੋ ਵਾਕਾਂ ਨੂੰ ਜੋੜ ਰਹੇ ਹਨ।)
  2. ਜਦੋਂ ਮੈਂ ਬੱਸ ਅੱਡੇ ‘ਤੇ ਪਹੁੰਚਿਆ, ਉਦੋਂ ਬੱਸ ਜਾ ਚੁੱਕੀ ਸੀ।
    (ਇੱਥੇ ‘ਜਦੋਂ-ਉਦੋਂ’ ਸਮੇਂ ਨਾਲ ਸੰਬੰਧ ਦੱਸ ਰਹੇ ਹਨ।)

ਯੋਜਕ ਦੀਆਂ ਕਿਸਮਾਂ (Types of Conjunction)

ਯੋਜਕਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ :

  1. ਕਾਰਜ ਦੇ ਆਧਾਰ ‘ਤੇ
  2. ਬਣਤਰ ਦੇ ਆਧਾਰ ‘ਤੇ

ਕਾਰਜ ਦੇ ਆਧਾਰ ‘ਤੇ ਯੋਜਕਾਂ ਦੀਆਂ ਕਿਸਮਾਂ

ਕਾਰਜ ਦੇ ਆਧਾਰ ‘ਤੇ ਯੋਜਕ ਦੋ ਪ੍ਰਕਾਰ ਦੇ ਹੁੰਦੇ ਹਨ :

  1. ਸਮਾਨ ਯੋਜਕ
  2. ਅਧੀਨ ਯੋਜਕ

1. ਸਮਾਨ ਯੋਜਕ (Coordinating Conjunction)

ਜਿਹੜੇ ਸ਼ਬਦ ਸਮਾਨ ਜਾਂ ਬਰਾਬਰ ਮਹੱਤਵ ਵਾਲੇ ਸ਼ਬਦਾਂ, ਵਾਕੰਸ਼ਾਂ ਜਾਂ ਵਾਕਾਂ ਨੂੰ ਆਪਸ ਵਿੱਚ ਜੋੜਣ, ਉਹਨਾਂ ਨੂੰ ਸਮਾਨ ਯੋਜਕ ਕਿਹਾ ਜਾਂਦਾ ਹੈ।
ਜਾਂ
ਜਿਹੜੇ ਯੋਜਕ ਦੋ ਇੱਕੋ ਜਿਹੇ ਮਹੱਤਵ ਵਾਲੀਆਂ ਗੱਲਾਂ ਨੂੰ ਮਿਲਾਉਂਦੇ ਹਨ, ਉਹ ਸਮਾਨ ਯੋਜਕ ਹੁੰਦੇ ਹਨ।

ਉਦਾਹਰਨ:
ਅਤੇ, ਪਰ, ਜਾਂ, ਸਗੋਂ, ਫਿਰ ਵੀ, ਇਸ ਲਈ, ਚਾਹੇ, ਇਸ ਕਰਕੇ, ਆਦਿ।

ਵਾਕਾਂ ਵਿੱਚ ਵਰਤੋਂ:

  1. ਹਰਜੀਤ ਅਤੇ ਹਰਦੀਪ ਮਿੱਤਰ ਹਨ।
    (ਇੱਥੇ ‘ਅਤੇ’ ਦੋ ਨਾਂਵਾਂ ਨੂੰ ਜੋੜ ਰਿਹਾ ਹੈ।)
  2. ਉਹ ਅਮੀਰ ਹੀ ਨਹੀਂ, ਸਗੋਂ ਇਮਾਨਦਾਰ ਵੀ ਹੈ।
    (ਇੱਥੇ ‘ਸਗੋਂ’ ਦੋ ਗੁਣਾਂ ਨੂੰ ਜੋੜ ਰਿਹਾ ਹੈ।)
  3. ਮਹਿਮਾਨ ਘਰ ਆਏ, ਪਰ ਪਾਣੀ ਪੀ ਕੇ ਚਲੇ ਗਏ।
    (ਇੱਥੇ ‘ਪਰ’ ਦੋ ਵਾਕਾਂ ਨੂੰ ਜੋੜ ਰਿਹਾ ਹੈ।)

ਸਮਾਨ ਯੋਜਕ ਦੀਆਂ ਕਿਸਮਾਂ

ਸਮਾਨ ਯੋਜਕ ਚਾਰ ਪ੍ਰਕਾਰ ਦੇ ਹੁੰਦੇ ਹਨ :

  • ਸਮੁੱਚੀ ਸਮਾਨ ਯੋਜਕ
  • ਵਿਕਲਪੀ ਸਮਾਨ ਯੋਜਕ
  • ਨਿਖੇਧੀ ਸਮਾਨ ਯੋਜਕ
  • ਕਾਰਜ-ਬੋਧਕ ਸਮਾਨ ਯੋਜਕ
(ਓ) ਸਮੁੱਚੀ ਸਮਾਨ ਯੋਜਕ (Cumulative Co-ordinating Conjunctions)

ਜਿਹੜੇ ਸਮਾਨ ਯੋਜਕ ਦੋ ਇਕੋ ਜਿਹੇ ਮਹੱਤਵ ਵਾਲੇ ਸ਼ਬਦਾਂ ਜਾਂ ਵਾਕਾਂ ਨੂੰ ਸਧਾਰਨ ਤਰੀਕੇ ਨਾਲ ਜੋੜ ਕੇ ਪੂਰਾ ਭਾਵ ਦੱਸਣ, ਉਹਨਾਂ ਨੂੰ ਸਮੁੱਚੀ ਸਮਾਨ ਯੋਜਕ ਕਿਹਾ ਜਾਂਦਾ ਹੈ।
ਜਾਂ
ਜਿਹੜੇ ਯੋਜਕ ਦੋ ਗੱਲਾਂ ਨੂੰ ਇਕੱਠੇ ਜੋੜ ਕੇ ਪੂਰਾ ਅਰਥ ਦਿੰਦੇ ਹਨ, ਉਹ ਸਮੁੱਚੀ ਸਮਾਨ ਯੋਜਕ ਹੁੰਦੇ ਹਨ।

ਉਦਾਹਰਨ:
ਅਤੇ, ਤੇ, ਨਾਲੇ, ਨਾ ਕੇਵਲ—ਸਗੋਂ, ਆਦਿ।

ਵਾਕਾਂ ਵਿੱਚ ਵਰਤੋਂ:

  1. ਰਾਜੀਵ ਨਾ ਕੇਵਲ ਤਾਕਤਵਰ ਹੈ, ਸਗੋਂ ਮਿਹਨਤੀ ਵੀ ਹੈ।
    (ਇੱਥੇ ‘ਨਾ ਕੇਵਲ—ਸਗੋਂ’ ਦੋ ਗੁਣਾਂ ਨੂੰ ਜੋੜ ਰਹੇ ਹਨ।)
  2. ਰਚਨਾ ਅਤੇ ਰੀਟਾ ਸਹੇਲੀਆਂ ਹਨ।
    (ਇੱਥੇ ‘ਅਤੇ’ ਦੋ ਨਾਂਵਾਂ ਨੂੰ ਜੋੜ ਰਿਹਾ ਹੈ।)
  3. ਪੜ੍ਹੋ ਵੀ ਤੇ ਕੰਮ ਵੀ ਕਰੋ।
    (ਇੱਥੇ ‘ਤੇ’ ਦੋ ਕੰਮਾਂ ਨੂੰ ਜੋੜ ਰਿਹਾ ਹੈ।)
(ਅ) ਵਿਕਲਪੀ ਸਮਾਨ ਯੋਜਕ (Alternative Co-ordinating Conjunctions)

ਜਿਹੜੇ ਯੋਜਕ ਦੋ ਗੱਲਾਂ ਵਿੱਚੋਂ ਇੱਕ ਚੋਣ ਜਾਂ ਵਿਕਲਪ ਦੱਸਣ, ਉਹਨਾਂ ਨੂੰ ਵਿਕਲਪੀ ਸਮਾਨ ਯੋਜਕ ਕਿਹਾ ਜਾਂਦਾ ਹੈ।
ਜਾਂ

ਜਿਹੜੇ ਯੋਜਕ ਦੋ ਗੱਲਾਂ ਵਿੱਚੋਂ ਕੋਈ ਇੱਕ ਚੁਣਨ ਦਾ ਭਾਵ ਦਿੰਦੇ ਹਨ, ਉਹ ਵਿਕਲਪੀ ਸਮਾਨ ਯੋਜਕ ਹੁੰਦੇ ਹਨ।

ਉਦਾਹਰਨ:
ਚਾਹੇ—ਚਾਹੇ, ਜਾਂ, ਅਥਵਾ, ਨਹੀਂ ਤਾਂ, ਭਾਵੇਂ, ਨਾ ਕਿ, ਆਦਿ।

ਵਾਕਾਂ ਵਿੱਚ ਵਰਤੋਂ:

  1. ਚਾਹੇ ਤੂੰ ਚਾਹ ਪੀ, ਚਾਹੇ ਜੂਸ ਪੀ।
    (ਇੱਥੇ ਦੋ ਚੋਣਾਂ ਦਿੱਤੀਆਂ ਗਈਆਂ ਹਨ।)
  2. ਇਹ ਕੰਮ ਤੂੰ ਕਰ, ਭਾਵੇਂ ਉਹ ਕਰੇ।
    (ਇੱਥੇ ਇੱਕ ਵਿਕਲਪ ਦੱਸਿਆ ਗਿਆ ਹੈ।)
  3. ਉਹ ਜਾਵੇ, ਨਹੀਂ ਤਾਂ ਤੂੰ ਜਾ।
    (ਇੱਥੇ ਦੂਜਾ ਵਿਕਲਪ ਦਿੱਤਾ ਗਿਆ ਹੈ।)
(ੲ) ਨਿਖੇਧੀ ਸਮਾਨ ਯੋਜਕ (Adversative Co-ordinating Conjunctions)

ਜਿਹੜੇ ਯੋਜਕ ਦੋ ਅਜਿਹੀਆਂ ਗੱਲਾਂ ਨੂੰ ਜੋੜਣ, ਜਿਨ੍ਹਾਂ ਵਿੱਚ ਵਿਰੋਧ, ਟਕਰਾਵ ਜਾਂ ਉਲਟ ਭਾਵ ਹੋਵੇ, ਉਹਨਾਂ ਨੂੰ ਨਿਖੇਧੀ ਸਮਾਨ ਯੋਜਕ ਕਿਹਾ ਜਾਂਦਾ ਹੈ।
ਜਾਂ
ਜਿਹੜੇ ਯੋਜਕ ਦੋ ਉਲਟ ਜਾਂ ਵਿਰੋਧ ਵਾਲੀਆਂ ਗੱਲਾਂ ਨੂੰ ਜੋੜਦੇ ਹਨ, ਉਹ ਨਿਖੇਧੀ ਸਮਾਨ ਯੋਜਕ ਹੁੰਦੇ ਹਨ।

ਉਦਾਹਰਨ:
ਪਰ, ਪਰੰਤੂ, ਤਾਂ ਵੀ, ਫਿਰ ਵੀ, ਐਪਰ, ਆਦਿ।

ਵਾਕਾਂ ਵਿੱਚ ਵਰਤੋਂ:

  1. ਦੀਪਕ ਪਤਲਾ ਹੈ, ਪਰ ਤਾਕਤਵਰ ਹੈ।
    (ਇੱਥੇ ‘ਪਰ’ ਦੋ ਉਲਟ ਗੁਣ ਦੱਸ ਰਿਹਾ ਹੈ।)
  2. ਕਰਤਾਰ ਛੋਟਾ ਹੈ ਪਰੰਤੂ ਕੰਮ-ਚੋਰ ਨਹੀਂ ਹੈ।
    (ਇੱਥੇ ‘ਪਰੰਤੂ’ ਵਿਰੋਧ ਦਾ ਭਾਵ ਦੱਸ ਰਿਹਾ ਹੈ।)
  3. ਹਰਪਾਲ ਬਿਮਾਰ ਹੈ, ਤਾਂ ਵੀ ਰੋਜ਼ ਸੈਰ ਕਰਦਾ ਹੈ।
    (ਇੱਥੇ ‘ਤਾਂ ਵੀ’ ਉਲਟ ਸਥਿਤੀ ਦੱਸ ਰਿਹਾ ਹੈ।)
(ਸ) ਕਾਰਜ-ਬੋਧਕ ਸਮਾਨ ਯੋਜਕ (Illative Co-ordinating Conjunctions)

ਜਿਹੜੇ ਯੋਜਕ ਕਿਸੇ ਕੰਮ ਦਾ ਕਾਰਨ ਜਾਂ ਨਤੀਜਾ ਦੱਸਣ, ਉਹਨਾਂ ਨੂੰ ਕਾਰਜ-ਬੋਧਕ ਸਮਾਨ ਯੋਜਕ ਕਿਹਾ ਜਾਂਦਾ ਹੈ।
ਜਾਂ
ਜਿਹੜੇ ਯੋਜਕ ਕਿਸੇ ਗੱਲ ਦਾ ਕਾਰਨ ਜਾਂ ਉਸ ਦਾ ਨਤੀਜਾ ਦੱਸਣ, ਉਹ ਕਾਰਜ-ਬੋਧਕ ਸਮਾਨ ਯੋਜਕ ਹੁੰਦੇ ਹਨ।

ਉਦਾਹਰਨ:
ਸੋ, ਇਸ ਲਈ, ਇਸ ਕਰਕੇ, ਇਸ ਵਾਸਤੇ, ਇਸ ਕਾਰਨ, ਤਾਹੀਓਂ ਤਾਂ, ਆਦਿ।

ਵਾਕਾਂ ਵਿੱਚ ਵਰਤੋਂ:

  1. ਮੈਨੂੰ ਕਿਰਪਾਲ ‘ਤੇ ਵਿਸ਼ਵਾਸ ਨਹੀਂ, ਸੋ ਤੁਸੀਂ ਉਸ ਨਾਲ਼ ਸਾਂਝ ਨਾ ਹੀ ਪਾਵੋ।
    (ਇੱਥੇ ‘ਸੋ’ ਨਤੀਜਾ ਦੱਸ ਰਿਹਾ ਹੈ।)
  2. ਇਸ ਕੰਮ ‘ਚ ਮੈਨੂੰ ਪਹਿਲਾਂ ਹੀ ਘਾਟਾ ਪਿਆ ਹੈ, ਤਾਹੀਓਂ ਤਾਂ ਮੈਂ ਇਹ ਕੰਮ ਹੁਣ ਨਹੀਂ ਕਰਨਾ।
    (ਇੱਥੇ ‘ਤਾਹੀਓਂ ਤਾਂ’ ਕਾਰਨ ਦੱਸ ਰਿਹਾ ਹੈ।)
  3. ਮੈਂ ਬਿਮਾਰ ਹਾਂ, ਇਸ ਲਈ ਮੈਂ ਸ਼ਹਿਰ ਨਹੀਂ ਜਾਵਾਂਗਾ।
    (ਇੱਥੇ ‘ਇਸ ਲਈ’ ਕਾਰਨ ਅਤੇ ਨਤੀਜਾ ਦੱਸ ਰਿਹਾ ਹੈ।)

2. ਅਧੀਨ ਯੋਜਕ (Subordinating Conjunction)

ਜਿਹੜੇ ਯੋਜਕ ਇੱਕ ਮੁੱਖ ਵਾਕ ਨੂੰ ਉਸ ਉੱਤੇ ਨਿਰਭਰ ਦੂਜੇ ਵਾਕ ਨਾਲ ਜੋੜਣ, ਉਹਨਾਂ ਨੂੰ ਅਧੀਨ ਯੋਜਕ ਕਿਹਾ ਜਾਂਦਾ ਹੈ।
ਜਾਂ
ਜਿਹੜੇ ਯੋਜਕ ਇੱਕ ਵਾਕ ਨੂੰ ਦੂਜੇ ਵਾਕ ਉੱਤੇ ਨਿਰਭਰ ਬਣਾਉਂਦੇ ਹਨ, ਉਹ ਅਧੀਨ ਯੋਜਕ ਹੁੰਦੇ ਹਨ।

ਉਦਾਹਰਨ:
ਕਿ, ਕਿਉਂਕਿ, ਤਾਂ ਜੋ, ਜਿੱਥੇ, ਨਹੀਂ ਤਾਂ, ਇਸ ਲਈ, ਆਦਿ।

ਵਾਕਾਂ ਵਿੱਚ ਵਰਤੋਂ:

  1. ਕ੍ਰਿਸ਼ਨ ਜੀ ਨੇ ਕਿਹਾ ਕਿ ਕਰਮ ਕਰੋ, ਫਲ ਦੀ ਇੱਛਾ ਨਾ ਰੱਖੋ।
    (ਇੱਥੇ ‘ਕਿ’ ਦੋ ਵਾਕਾਂ ਨੂੰ ਜੋੜ ਰਿਹਾ ਹੈ।)
  2. ਰਮਨ ਵਿਆਹ ‘ਤੇ ਨਹੀਂ ਆਇਆ, ਕਿਉਂਕਿ ਉਹ ਦਿੱਲੀ ਗਿਆ ਹੋਇਆ ਹੈ।
    (ਇੱਥੇ ‘ਕਿਉਂਕਿ’ ਕਾਰਨ ਦੱਸ ਰਿਹਾ ਹੈ।)
  3. ਇਹ ਉਹੀ ਥਾਂ ਹੈ, ਜਿੱਥੇ ਗਾਂਧੀ ਜੀ ਦਸ ਦਿਨ ਰਹੇ ਸਨ।
    (ਇੱਥੇ ‘ਜਿੱਥੇ’ ਦੋ ਵਾਕਾਂ ਨੂੰ ਜੋੜ ਰਿਹਾ ਹੈ।)

ਉਪਰੋਕਤ ਮਿਸ਼ਰਤ ਵਾਕਾਂ ਵਿੱਚ ‘ਕ੍ਰਿਸ਼ਨ ਜੀ ਨੇ ਕਿਹਾ’, ‘ਰਮਨ ਵਿਆਹ ‘ਤੇ ਨਹੀਂ ਆਇਆ’, ‘ਇਹ ਉਹੀ ਥਾਂ ਹੈ’ ਮੁੱਖ ਜਾਂ ਪੂਰਨ ਉਪ-ਵਾਕ ਹਨ (ਮੁੱਖ ਵਾਕ ਨੂੰ ਪੂਰਨ ਉਪ-ਵਾਕ ਕਿਹਾ ਜਾਂਦਾ ਹੈ।)
ਜਦਕਿ ‘ਕਰਮ ਕਰੋ, ਫਲ ਦੀ ਇੱਛਾ ਨਾ ਰੱਖੋ’, ‘ਉਹ ਦਿੱਲੀ ਗਿਆ ਹੋਇਆ ਹੈ’, ‘ਗਾਂਧੀ ਜੀ ਦਸ ਦਿਨ ਰਹੇ ਸਨ’ ਅਧੀਨ ਉਪ-ਵਾਕ ਹਨ (ਉਸ ਉੱਤੇ ਨਿਰਭਰ ਵਾਕ ਨੂੰ ਅਧੀਨ ਉਪ-ਵਾਕ ਕਿਹਾ ਜਾਂਦਾ ਹੈ।) ਕਿਉਂਕਿ ਇਹ ਆਪਣੇ ਆਪ ਪੂਰਾ ਅਰਥ ਨਹੀਂ ਦਿੰਦੇ ਅਤੇ ਮੁੱਖ ਵਾਕ ਉੱਤੇ ਨਿਰਭਰ ਹਨ।
ਇਨ੍ਹਾਂ ਵਾਕਾਂ ਨੂੰ ‘ਕਿ’, ‘ਕਿਉਂਕਿ’, ‘ਜਿੱਥੇ’ ਵਰਗੇ ਯੋਜਕ ਜੋੜ ਰਹੇ ਹਨ। ਇਸ ਲਈ ਇਹ ਅਧੀਨ ਯੋਜਕ ਕਹਾਉਂਦੇ ਹਨ।
ਹੋਰ ਅਧੀਨ ਯੋਜਕ:
ਇਸ ਲਈ, ਤਾਂ ਕਿ, ਤਾਂ, ਜਦੋਂ, ਜੇ, ਆਦਿ।

ਅਧੀਨ ਯੋਜਕ ਦੀਆਂ ਕਿਸਮਾਂ

ਅਧੀਨ ਯੋਜਕਾਂ ਨੂੰ ਉਹਨਾਂ ਦੇ ਕੰਮ ਜਾਂ ਭਾਵ ਦੇ ਅਧਾਰ ‘ਤੇ ਵੱਖ-ਵੱਖ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ। ਕੁਝ ਕਾਰਨ ਦੱਸਦੇ ਹਨ, ਕੁਝ ਸ਼ਰਤ, ਕੁਝ ਨਤੀਜਾ ਅਤੇ ਕੁਝ ਤੁਲਨਾ ਦਾ ਭਾਵ ਦਿੰਦੇ ਹਨ।

ਅਧੀਨ ਯੋਜਕ ਅੱਗੇ ਸੱਤ ਤਰ੍ਹਾਂ ਦੇ ਹੁੰਦੇ ਹਨ :

  1. ਸਮਾਨ ਅਧਿਕਰਨ-ਵਾਚਕ ਅਧੀਨ ਯੋਜਕ
  2. ਕਾਰਨ-ਵਾਚਕ ਅਧੀਨ ਯੋਜਕ
  3. ਫਲ਼-ਵਾਚਕ ਅਧੀਨ ਯੋਜਕ
  4. ਮੰਤਵ-ਵਾਚਕ ਅਧੀਨ ਯੋਜਕ
  5. ਸ਼ਰਤ-ਵਾਚਕ ਅਧੀਨ ਯੋਜਕ
  6. ਵਿਰੋਧ-ਵਾਚਕ ਅਧੀਨ ਯੋਜਕ
  7. ਤੁਲਨਾ-ਵਾਚਕ ਅਧੀਨ ਯੋਜਕ
(ਓ) ਸਮਾਨ ਅਧਿਕਰਨ-ਵਾਚਕ ਅਧੀਨ ਯੋਜਕ (Appositional Subordinating Conjunctions)

ਜਦੋਂ ਅਧੀਨ ਉਪ-ਵਾਕ, ਮੁੱਖ ਵਾਕ ਦੇ ਕਿਸੇ ਸ਼ਬਦ ਜਾਂ ਗੱਲ ਦੀ ਵਿਆਖਿਆ ਕਰੇ, ਤਾਂ ਅਜਿਹੇ ਵਾਕਾਂ ਨੂੰ ਜੋੜਨ ਵਾਲ਼ੇ ਯੋਜਕਾਂ ਨੂੰ ਸਮਾਨ ਅਧਿਕਰਨ-ਵਾਚਕ ਅਧੀਨ ਯੋਜਕ ਕਿਹਾ ਜਾਂਦਾ ਹੈ।
ਜਾਂ
ਜਿਹੜੇ ਯੋਜਕ ਕਿਸੇ ਗੱਲ ਨੂੰ ਹੋਰ ਖੁੱਲ੍ਹ ਕੇ ਸਮਝਾਉਣ ਜਾਂ ਵਿਆਖਿਆ ਕਰਨ ਲਈ ਵਰਤੇ ਜਾਣ, ਉਹ ਸਮਾਨ ਅਧਿਕਰਨ-ਵਾਚਕ ਅਧੀਨ ਯੋਜਕ ਹੁੰਦੇ ਹਨ।

ਉਦਾਹਰਨ:
ਜੀਕਰ, ਜਿਵੇਂ, ਕਿ, ਆਦਿ।

ਵਾਕਾਂ ਵਿੱਚ ਵਰਤੋਂ:

  1. ਅਮਨ ਤੂੰ ਤਾਂ ਇਸ ਤਰ੍ਹਾਂ ਕਹਿ ਰਿਹਾ ਹੈਂ ਜੀਕਰ ਤੈਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ।
    (ਇੱਥੇ ‘ਜੀਕਰ’ ਗੱਲ ਦੀ ਵਿਆਖਿਆ ਕਰ ਰਿਹਾ ਹੈ।)
  2. ਪੁਲਿਸ ਵਾਲ਼ੇ ਮੇਰੇ ਨਾਲ਼ ਇਸ ਤਰ੍ਹਾਂ ਵਿਹਾਰ ਕਰ ਰਹੇ ਹਨ ਜਿਵੇਂ ਮੈਂ ਚੋਰ ਹੋਵਾਂ।
    (ਇੱਥੇ ‘ਜਿਵੇਂ’ ਤੁਲਨਾ ਅਤੇ ਵਿਆਖਿਆ ਦੱਸ ਰਿਹਾ ਹੈ।)
  3. ਇਹ ਠੀਕ ਹੈ ਕਿ ਸਰਪੰਚ ਸਾਹਿਬ ਨੂੰ ਇਸ ਦੀ ਬੇਈਮਾਨੀ ਦਾ ਪਤਾ ਨਹੀਂ ਸੀ।
    (ਇੱਥੇ ‘ਕਿ’ ਅੱਗੇ ਵਾਲੀ ਗੱਲ ਨੂੰ ਸਮਝਾ ਰਿਹਾ ਹੈ।)
(ਅ) ਕਾਰਨ-ਵਾਚਕ ਅਧੀਨ ਯੋਜਕ (Cause or Reason Subordinating Conjunctions)

ਜਦੋਂ ਅਧੀਨ ਉਪ-ਵਾਕ, ਮੁੱਖ ਵਾਕ ਦੀ ਕਿਰਿਆ ਦਾ ਕਾਰਨ ਦੱਸੇ, ਤਾਂ ਅਜਿਹੇ ਵਾਕਾਂ ਨੂੰ ਜੋੜਨ ਵਾਲ਼ੇ ਯੋਜਕਾਂ ਨੂੰ ਕਾਰਨ-ਵਾਚਕ ਅਧੀਨ ਯੋਜਕ ਕਿਹਾ ਜਾਂਦਾ ਹੈ।
ਜਾਂ
ਜਿਹੜੇ ਯੋਜਕ ਕਿਸੇ ਕੰਮ ਦਾ ਕਾਰਨ ਦੱਸਣ, ਉਹ ਕਾਰਨ-ਵਾਚਕ ਅਧੀਨ ਯੋਜਕ ਹੁੰਦੇ ਹਨ।

ਉਦਾਹਰਨ:
ਕਿਉਂਕਿ, ਇਸ ਲਈ, ਤਾਂ ਜੋ, ਇਸ ਕਰਕੇ, ਕਿਉਂ ਜੋ, ਆਦਿ।

ਵਾਕਾਂ ਵਿੱਚ ਵਰਤੋਂ:

  1. ਮੈਂ ਸੈਰ ਕਰਦਾ ਹਾਂ, ਇਸ ਲਈ ਤੰਦਰੁਸਤ ਰਹਿੰਦਾ ਹਾਂ।
    (ਇੱਥੇ ‘ਇਸ ਲਈ’ ਕਾਰਨ ਅਤੇ ਨਤੀਜਾ ਦੱਸ ਰਿਹਾ ਹੈ।)
  2. ਉਹ ਸਕੂਲ ਨਹੀਂ ਆਇਆ, ਕਿਉਂਕਿ ਬਿਮਾਰ ਹੈ।
    (ਇੱਥੇ ‘ਕਿਉਂਕਿ’ ਕਾਰਨ ਦੱਸ ਰਿਹਾ ਹੈ।)
  3. ਕਮਲ ਨੇ ਮਿਹਨਤ ਕੀਤੀ, ਤਾਂ ਜੋ ਪਾਸ ਹੋ ਸਕੇ।
    (ਇੱਥੇ ‘ਤਾਂ ਜੋ’ ਮਕਸਦ ਅਤੇ ਕਾਰਨ ਦੱਸ ਰਿਹਾ ਹੈ।)
(ੲ) ਫਲ਼-ਵਾਚਕ ਅਧੀਨ ਯੋਜਕ (Effect Subordinating Conjunctions)

ਜਦੋਂ ਅਧੀਨ ਉਪ-ਵਾਕ, ਮੁੱਖ ਵਾਕ ਦੀ ਕਿਰਿਆ ਦਾ ਨਤੀਜਾ ਜਾਂ ਫਲ਼ ਦੱਸੇ, ਤਾਂ ਅਜਿਹੇ ਵਾਕਾਂ ਨੂੰ ਜੋੜਨ ਵਾਲੇ ਯੋਜਕਾਂ ਨੂੰ ਫਲ-ਵਾਚਕ ਅਧੀਨ ਯੋਜਕ ਕਿਹਾ ਜਾਂਦਾ ਹੈ।
ਜਾਂ
ਜਿਹੜੇ ਯੋਜਕ ਕਿਸੇ ਕੰਮ ਦਾ ਨਤੀਜਾ ਜਾਂ ਅਸਰ ਦੱਸਣ, ਉਹ ਫਲ-ਵਾਚਕ ਅਧੀਨ ਯੋਜਕ ਹੁੰਦੇ ਹਨ।

ਉਦਾਹਰਨ:
ਕਿ, ਜੁ, ਆਦਿ।

ਵਾਕਾਂ ਵਿੱਚ ਵਰਤੋਂ:

  1. ਠਾਣੇਦਾਰ ਨੇ ਚੋਰ ਨੂੰ ਏਨਾ ਡਰਾਇਆ ਕਿ ਉਹ ਸੱਚ ਬੋਲ ਪਿਆ।
    (ਇੱਥੇ ‘ਕਿ’ ਨਤੀਜਾ ਦੱਸ ਰਿਹਾ ਹੈ।)
  2. ਇਮਤਿਹਾਨ ਵਿੱਚ ਪਰਚਾ ਏਨਾ ਸੌਖਾ ਆਇਆ ਜੂ ਸਾਰੇ ਪਾਸ ਹੋ ਗਏ।
    (ਇੱਥੇ ‘ਜੂ’ ਨਤੀਜਾ ਦੱਸ ਰਿਹਾ ਹੈ।)
  3. ਰਣਜੀਤ ਨੇ ਅਜਿਹੀ ਚੀਕ ਮਾਰੀ ਕਿ ਸਾਰੇ ਡਰ ਗਏ।
    (ਇੱਥੇ ‘ਕਿ’ ਕਿਰਿਆ ਦਾ ਫਲ ਦੱਸ ਰਿਹਾ ਹੈ।)
(ਸ) ਮੰਤਵ-ਵਾਚਕ ਅਧੀਨ ਯੋਜਕ (Purpose Subordinating Conjunctions)

ਜਦੋਂ ਅਧੀਨ ਉਪ-ਵਾਕ, ਮੁੱਖ ਵਾਕ ਦੀ ਕਿਰਿਆ ਦਾ ਮਕਸਦ ਜਾਂ ਮਨੋਰਥ ਦੱਸੇ, ਤਾਂ ਅਜਿਹੇ ਵਾਕਾਂ ਨੂੰ ਜੋੜਨ ਵਾਲੇ ਯੋਜਕਾਂ ਨੂੰ ਮੰਤਵ-ਵਾਚਕ ਅਧੀਨ ਯੋਜਕ ਕਿਹਾ ਜਾਂਦਾ ਹੈ।
ਜਾਂ
ਜਿਹੜੇ ਯੋਜਕ ਕਿਸੇ ਕੰਮ ਦਾ ਮਕਸਦ ਜਾਂ ਉਦੇਸ਼ ਦੱਸਣ, ਉਹ ਮੰਤਵ-ਵਾਚਕ ਅਧੀਨ ਯੋਜਕ ਹੁੰਦੇ ਹਨ।

ਉਦਾਹਰਨ:
ਤਾਂ ਕਿ, ਤਾਂ ਜੋ, ਮਤਾਂ, ਇਸ ਲਈ, ਮਤੇ, ਆਦਿ।

ਵਾਕਾਂ ਵਿੱਚ ਵਰਤੋਂ:

  1. ਰਮਨ ਤਾਸ਼ ਖੇਡ ਰਿਹਾ ਹੈ, ਤਾਂ ਕਿ ਸਮਾਂ ਚੰਗਾ ਲੰਘ ਜਾਵੇ।
    (ਇੱਥੇ ‘ਤਾਂ ਕਿ’ ਮਕਸਦ ਦੱਸ ਰਿਹਾ ਹੈ।)
  2. ਚੋਰ ਨੇ ਝੂਠ ਮਾਰਿਆ, ਮਤਾਂ ਮਾਰ ਤੋਂ ਬਚਿਆ ਰਹੇ।
    (ਇੱਥੇ ‘ਮਤਾਂ’ ਮਨੋਰਥ ਦੱਸ ਰਿਹਾ ਹੈ।)
  3. ਬਲਜੀਤ ਟਿਊਸ਼ਨ ਵੀ ਪੜ੍ਹ ਰਿਹਾ ਹੈ, ਤਾਂ ਜੋ ਚੰਗੇ ਨੰਬਰ ਲੈ ਕੇ ਪਾਸ ਹੋ ਜਾਵੇ।
    (ਇੱਥੇ ‘ਤਾਂ ਜੋ’ ਮੰਤਵ ਦੱਸ ਰਿਹਾ ਹੈ।)
(ਹ) ਸ਼ਰਤ-ਵਾਚਕ ਅਧੀਨ ਯੋਜਕ (Condition Subordinating Conjunctions)

ਜਦੋਂ ਅਧੀਨ ਉਪ-ਵਾਕ, ਮੁੱਖ ਵਾਕ ਲਈ ਕੋਈ ਸ਼ਰਤ ਦੱਸੇ, ਤਾਂ ਅਜਿਹੇ ਵਾਕਾਂ ਨੂੰ ਜੋੜਨ ਵਾਲ਼ੇ ਯੋਜਕਾਂ ਨੂੰ ਸ਼ਰਤ-ਵਾਚਕ ਅਧੀਨ ਯੋਜਕ ਕਿਹਾ ਜਾਂਦਾ ਹੈ।
ਜਾਂ
ਜਿਹੜੇ ਯੋਜਕ ਕਿਸੇ ਕੰਮ ਲਈ ਸ਼ਰਤ ਜਾਂ ਲੋੜ ਦੱਸਣ, ਉਹ ਸ਼ਰਤ-ਵਾਚਕ ਅਧੀਨ ਯੋਜਕ ਹੁੰਦੇ ਹਨ।

ਉਦਾਹਰਨ:
ਜੇ—ਤਾਂ, ਜੇਕਰ—ਤਾਂ, ਕਦੀ ਤਾਂ, ਜਦ ਕਿ, ਜਦ—ਤਾਂ, ਆਦਿ।

ਵਾਕਾਂ ਵਿੱਚ ਵਰਤੋਂ:

  1. ਜੇ ਤੁਸੀਂ ਪਾਸ ਹੋਣਾ ਹੈ ਤਾਂ ਬਾਕਾਇਦਾ ਮਿਹਨਤ ਕਰੋ।
    (ਇੱਥੇ ‘ਜੇ—ਤਾਂ’ ਸ਼ਰਤ ਦੱਸ ਰਹੇ ਹਨ।)
  2. ਮਨ ਲਾ ਕੇ ਮਿਹਨਤ ਕਰੋ, ਕਦੀ ਤਾਂ ਫਲ਼ ਜ਼ਰੂਰ ਮਿਲੇਗਾ।
    (ਇੱਥੇ ‘ਕਦੀ ਤਾਂ’ ਆਸ ਅਤੇ ਸ਼ਰਤ ਦਾ ਭਾਵ ਦੱਸ ਰਿਹਾ ਹੈ।)
  3. ਜੇਕਰ ਤੁਸੀਂ ਆਪਸ ‘ਚ ਬਹਿਸਦੇ ਰਹੋਗੇ ਤਾਂ ਕੋਈ ਫੈਸਲਾ ਨਹੀਂ ਹੋਵੇਗਾ।
    (ਇੱਥੇ ‘ਜੇਕਰ—ਤਾਂ’ ਸ਼ਰਤ ਦੱਸ ਰਹੇ ਹਨ।)
(ਕ) ਵਿਰੋਧ-ਵਾਚਕ ਅਧੀਨ ਯੋਜਕ (Contrast Subordinating Conjunctions)

ਜਦੋਂ ਅਧੀਨ ਉਪ-ਵਾਕ, ਮੁੱਖ ਵਾਕ ਨਾਲ ਉਲਟ ਜਾਂ ਵਿਰੋਧ ਵਾਲੀ ਗੱਲ ਦੱਸੇ, ਤਾਂ ਅਜਿਹੇ ਵਾਕਾਂ ਨੂੰ ਜੋੜਨ ਵਾਲੇ ਯੋਜਕਾਂ ਨੂੰ ਵਿਰੋਧ-ਵਾਚਕ ਅਧੀਨ ਯੋਜਕ ਕਿਹਾ ਜਾਂਦਾ ਹੈ।
ਜਾਂ
ਜਿਹੜੇ ਯੋਜਕ ਦੋ ਉਲਟ ਜਾਂ ਵਿਰੋਧ ਵਾਲੀਆਂ ਗੱਲਾਂ ਨੂੰ ਜੋੜਣ, ਉਹ ਵਿਰੋਧ-ਵਾਚਕ ਅਧੀਨ ਯੋਜਕ ਹੁੰਦੇ ਹਨ।

ਉਦਾਹਰਨ:
ਭਾਵੇਂ—ਪਰ, ਭਾਵੇਂ—ਫਿਰ ਵੀ, ਚਾਹੇ—ਪਰ, ਤਾਂ ਵੀ, ਹਾਲਾਂਕਿ—ਫਿਰ ਵੀ, ਆਦਿ।

ਵਾਕਾਂ ਵਿੱਚ ਵਰਤੋਂ:

  1. ਭਾਵੇਂ ਦੀਪਕ ਕਮਜ਼ੋਰ ਹੈ, ਪਰ ਡਰਪੋਕ ਨਹੀਂ।
    (ਇੱਥੇ ‘ਭਾਵੇਂ—ਪਰ’ ਵਿਰੋਧ ਦੱਸ ਰਹੇ ਹਨ।)
  2. ਭਾਵੇਂ ਅਜੀਤ ਗਰੀਬ ਹੈ, ਫਿਰ ਵੀ ਇਮਾਨਦਾਰ ਹੈ।
    (ਇੱਥੇ ‘ਭਾਵੇਂ—ਫਿਰ ਵੀ’ ਉਲਟ ਭਾਵ ਦੱਸ ਰਹੇ ਹਨ।)
  3. ਚਾਹੇ ਉਹ ਅਨਪੜ੍ਹ ਹੈ, ਪਰ ਗੱਲਾਂ ਬਹੁਤ ਸਿਆਣੀਆਂ ਕਰਦਾ ਹੈ।
    (ਇੱਥੇ ‘ਚਾਹੇ—ਪਰ’ ਵਿਰੋਧ ਦੱਸ ਰਹੇ ਹਨ।)
(ਖ) ਤੁਲਨਾ-ਵਾਚਕ ਅਧੀਨ ਯੋਜਕ (Comparison Subordinating Conjunctions)

ਜਦੋਂ ਮੁੱਖ ਵਾਕ ਅਤੇ ਅਧੀਨ ਵਾਕ ਵਿੱਚ ਕਿਸੇ ਵਿਅਕਤੀ ਜਾਂ ਚੀਜ਼ ਦੇ ਗੁਣਾਂ, ਸੁਭਾਵ ਜਾਂ ਹਾਲਤ ਦੀ ਤੁਲਨਾ ਕੀਤੀ ਜਾਵੇ, ਤਾਂ ਅਜਿਹੇ ਵਾਕਾਂ ਨੂੰ ਜੋੜਨ ਵਾਲੇ ਯੋਜਕਾਂ ਨੂੰ ਤੁਲਨਾ-ਵਾਚਕ ਅਧੀਨ ਯੋਜਕ ਕਿਹਾ ਜਾਂਦਾ ਹੈ।
ਜਾਂ
ਜਿਹੜੇ ਯੋਜਕ ਦੋ ਵਿਅਕਤੀਆਂ ਜਾਂ ਚੀਜ਼ਾਂ ਦੇ ਗੁਣਾਂ ਦੀ ਤੁਲਨਾ ਦੱਸਣ, ਉਹ ਤੁਲਨਾ-ਵਾਚਕ ਅਧੀਨ ਯੋਜਕ ਹੁੰਦੇ ਹਨ।

ਉਦਾਹਰਨ:
ਕਿ, ਮਾਨੋ, ਜਿਵੇਂ, ਜੀਕਰ, ਆਦਿ।

ਵਾਕਾਂ ਵਿੱਚ ਵਰਤੋਂ:

  1. ਦਾਰਾ ਸਿੰਘ ਏਨਾ ਤਾਕਤਵਰ ਸੀ ਕਿ ਉਸ ਨਾਲ਼ ਕੋਈ ਕੁਸ਼ਤੀ ਲੜਨ ਨੂੰ ਛੇਤੀ ਤਿਆਰ ਨਹੀਂ ਹੁੰਦਾ ਸੀ।
    (ਇੱਥੇ ‘ਕਿ’ ਤੁਲਨਾ ਅਤੇ ਪ੍ਰਭਾਵ ਦੱਸ ਰਿਹਾ ਹੈ।)
  2. ਬਲਜੀਤ ਏਨਾ ਹਾਜ਼ਰ ਜਵਾਬ ਹੈ, ਮਾਨੋ ਬੀਰਬਲ ਹੀ ਹੋਵੇ।
    (ਇੱਥੇ ‘ਮਾਨੋ’ ਤੁਲਨਾ ਕਰ ਰਿਹਾ ਹੈ।)
  3. ਹਰਭਜਨ ਏਨਾ ਹੁਸ਼ਿਆਰ ਹੈ, ਮਾਨੋ ਕੰਪਿਊਟਰ ਹੀ ਹੋਵੇ।
    (ਇੱਥੇ ‘ਮਾਨੋ’ ਤੁਲਨਾ ਦੱਸ ਰਿਹਾ ਹੈ।)

ਬਣਤਰ ਦੇ ਆਧਾਰ ‘ਤੇ ਯੋਜਕਾਂ ਦੀਆਂ ਕਿਸਮਾਂ

ਬਣਤਰ ਦੇ ਆਧਾਰ ‘ਤੇ ਯੋਜਕਾਂ ਨੂੰ ਚਾਰ ਭਾਗਾਂ ਵਿੱਚ ਵੰਡਿਆ ਜਾਂਦਾ ਹੈ :

  1. ਇਕਿਹਰੇ ਯੋਜਕ
  2. ਸੰਜੁਗਤ ਯੋਜਕ
  3. ਬੰਝਵ ਯੋਜਕ
  4. ਟੁੱਟਵੇ ਯੋਜਕ

1. ਇਕਿਹਰੇ ਯੋਜਕ

ਜਿਹੜੇ ਯੋਜਕ ਇੱਕ ਹੀ ਸ਼ਬਦ ਤੋਂ ਬਣੇ ਹੋਣ, ਉਹਨਾਂ ਨੂੰ ਇਕਿਹਰੇ ਯੋਜਕ ਕਿਹਾ ਜਾਂਦਾ ਹੈ।
ਜਾਂ
ਜੋ ਯੋਜਕ ਸਿਰਫ਼ ਇੱਕ ਸ਼ਬਦ ਦੇ ਹੋਣ ਅਤੇ ਵਾਕਾਂ ਜਾਂ ਸ਼ਬਦਾਂ ਨੂੰ ਜੋੜਣ, ਉਹ ਇਕਿਹਰੇ ਯੋਜਕ ਹੁੰਦੇ ਹਨ।

ਉਦਾਹਰਨ:
ਤੇ, ਅਤੇ, ਪਰ, ਜਾਂ, ਕਿ, ਸਗੋਂ, ਆਦਿ।

ਵਾਕਾਂ ਵਿੱਚ ਵਰਤੋਂ:

  1. ਰਮਨ ਤੇ ਅਮਨ ਮਿੱਤਰ ਹਨ।
    ਇੱਥੇ ‘ਤੇ’ ਇਕਿਹਰਾ ਯੋਜਕ ਹੈ।
    ਇਸ ਵਾਕ ਦਾ ਅਰਥ ਹੈ ਕਿ ਰਮਨ ਅਤੇ ਅਮਨ ਦੋਵੇਂ ਦੋਸਤ ਹਨ।
    ਅਰਥਾਤ, ‘ਤੇ’ ਦੋ ਨਾਂਵਾਂ ਨੂੰ ਜੋੜ ਰਿਹਾ ਹੈ।
  2. ਮੈਂ ਜਾਣਾ ਸੀ, ਪਰ ਮੀਂਹ ਪੈ ਗਿਆ।
    ਇੱਥੇ ‘ਪਰ’ ਇਕਿਹਰਾ ਯੋਜਕ ਹੈ।
    ਇਸ ਵਾਕ ਦਾ ਭਾਵ ਹੈ ਕਿ ਮੇਰੀ ਜਾਣ ਦੀ ਇੱਛਾ ਸੀ, ਪਰ ਮੀਂਹ ਕਾਰਨ ਮੈਂ ਨਹੀਂ ਜਾ ਸਕਿਆ।
    ਅਰਥਾਤ, ‘ਪਰ’ ਦੋ ਉਲਟ ਗੱਲਾਂ ਨੂੰ ਜੋੜ ਰਿਹਾ ਹੈ।
  3. ਤੁਸੀਂ ਚਾਹ ਪੀਓ ਜਾਂ ਜੂਸ।
    ਇੱਥੇ ‘ਜਾਂ’ ਇਕਿਹਰਾ ਯੋਜਕ ਹੈ।
    ਇਸ ਵਾਕ ਦਾ ਅਰਥ ਹੈ ਕਿ ਤੁਹਾਡੇ ਕੋਲ ਦੋ ਚੋਣਾਂ ਹਨ — ਚਾਹ ਜਾਂ ਜੂਸ।
    ਅਰਥਾਤ, ‘ਜਾਂ’ ਵਿਕਲਪ ਦੱਸ ਰਿਹਾ ਹੈ।

2. ਸੰਜੁਗਤ ਯੋਜਕ

ਜਿਹੜੇ ਯੋਜਕ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਦੇ ਮਿਲਾਪ ਨਾਲ ਬਣੇ ਹੋਣ, ਉਹਨਾਂ ਨੂੰ ਸੰਜੁਗਤ ਯੋਜਕ ਕਿਹਾ ਜਾਂਦਾ ਹੈ।
ਜਾਂ
ਜੋ ਯੋਜਕ ਇੱਕ ਤੋਂ ਵੱਧ ਸ਼ਬਦਾਂ ਨਾਲ ਬਣੇ ਹੋਣ ਅਤੇ ਵਾਕਾਂ ਨੂੰ ਜੋੜਣ, ਉਹ ਸੰਜੁਗਤ ਯੋਜਕ ਹੁੰਦੇ ਹਨ।

ਉਦਾਹਰਨ:
ਇਸ ਲਈ, ਤਾਂ ਜੋ, ਕਿਉਂਕਿ, ਫਿਰ ਵੀ, ਨਹੀਂ ਤਾਂ, ਆਦਿ।

ਵਾਕਾਂ ਵਿੱਚ ਵਰਤੋਂ:

  1. ਮੈਂ ਬਿਮਾਰ ਹਾਂ, ਇਸ ਲਈ ਸਕੂਲ ਨਹੀਂ ਜਾਵਾਂਗਾ।
    ਇੱਥੇ ‘ਇਸ ਲਈ’ ਸੰਜੁਗਤ ਯੋਜਕ ਹੈ।
    ਇਸ ਵਾਕ ਦਾ ਅਰਥ ਹੈ ਕਿ ਬਿਮਾਰ ਹੋਣ ਕਾਰਨ ਮੈਂ ਸਕੂਲ ਨਹੀਂ ਜਾ ਸਕਦਾ।
    ਅਰਥਾਤ, ਬਿਮਾਰੀ ਸਕੂਲ ਨਾ ਜਾਣ ਦਾ ਕਾਰਨ ਹੈ।
  2. ਬਲਜੀਤ ਮਿਹਨਤ ਕਰਦਾ ਹੈ, ਤਾਂ ਜੋ ਚੰਗੇ ਨੰਬਰ ਲੈ ਸਕੇ।
    ਇੱਥੇ ‘ਤਾਂ ਜੋ’ ਸੰਜੁਗਤ ਯੋਜਕ ਹੈ।
    ਇਸ ਵਾਕ ਦਾ ਭਾਵ ਹੈ ਕਿ ਬਲਜੀਤ ਦਾ ਮਕਸਦ ਚੰਗੇ ਨੰਬਰ ਲੈਣਾ ਹੈ, ਇਸ ਲਈ ਉਹ ਮਿਹਨਤ ਕਰਦਾ ਹੈ।
  3. ਛੇਤੀ ਆ ਜਾਓ, ਨਹੀਂ ਤਾਂ ਬੱਸ ਨਿਕਲ ਜਾਵੇਗੀ।
    ਇੱਥੇ ‘ਨਹੀਂ ਤਾਂ’ ਸੰਜੁਗਤ ਯੋਜਕ ਹੈ।
    ਇਸ ਵਾਕ ਦਾ ਅਰਥ ਹੈ ਕਿ ਜੇ ਤੁਸੀਂ ਦੇਰ ਕਰੋਗੇ ਤਾਂ ਬੱਸ ਚਲੀ ਜਾਵੇਗੀ।
    ਅਰਥਾਤ, ਸਮੇਂ ਸਿਰ ਆਉਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ।

3. ਬੰਝਵ ਯੋਜਕ

ਜਿਹੜੇ ਯੋਜਕ ਜੋੜੇ ਦੇ ਰੂਪ ਵਿੱਚ ਵਰਤੇ ਜਾਂਦੇ ਹਨ ਅਤੇ ਇੱਕ-ਦੂਜੇ ਨਾਲ ਮਿਲ ਕੇ ਵਾਕਾਂ ਨੂੰ ਜੋੜਦੇ ਹਨ, ਉਹਨਾਂ ਨੂੰ ਬੰਝਵ ਯੋਜਕ ਕਿਹਾ ਜਾਂਦਾ ਹੈ।
ਜਾਂ
ਜੋ ਯੋਜਕ ਹਮੇਸ਼ਾ ਜੋੜੇ ਵਿੱਚ ਆਉਂਦੇ ਹਨ ਅਤੇ ਇਕੱਠੇ ਮਿਲ ਕੇ ਵਾਕਾਂ ਨੂੰ ਜੋੜਦੇ ਹਨ, ਉਹ ਬੰਝਵ ਯੋਜਕ ਹੁੰਦੇ ਹਨ।

ਉਦਾਹਰਨ:
ਜੇ—ਤਾਂ, ਜਦੋਂ—ਉਦੋਂ, ਨਾ ਕੇਵਲ—ਸਗੋਂ, ਭਾਵੇਂ—ਫਿਰ ਵੀ, ਆਦਿ।

ਵਾਕਾਂ ਵਿੱਚ ਵਰਤੋਂ:

  1. ਜੇ ਤੁਸੀਂ ਮਿਹਨਤ ਕਰੋਗੇ ਤਾਂ ਪਾਸ ਹੋ ਜਾਵੋਗੇ।
    ਇੱਥੇ ‘ਜੇ—ਤਾਂ’ ਬੰਝਵ ਯੋਜਕ ਹਨ।
    ਇਸ ਵਾਕ ਦਾ ਅਰਥ ਹੈ ਕਿ ਪਾਸ ਹੋਣ ਲਈ ਮਿਹਨਤ ਕਰਨੀ ਲਾਜ਼ਮੀ ਹੈ।
    ਅਰਥਾਤ, ਜੇ ਤੁਸੀਂ ਮਿਹਨਤ ਕਰੋਗੇ, ਤਦ ਹੀ ਸਫਲਤਾ ਮਿਲੇਗੀ।
  2. ਜਦੋਂ ਮੈਂ ਘਰ ਪਹੁੰਚਿਆ, ਉਦੋਂ ਮੀਂਹ ਪੈ ਰਿਹਾ ਸੀ।
    ਇੱਥੇ ‘ਜਦੋਂ—ਉਦੋਂ’ ਬੰਝਵ ਯੋਜਕ ਹਨ।
    ਇਸ ਵਾਕ ਦਾ ਭਾਵ ਹੈ ਕਿ ਜਿਸ ਸਮੇਂ ਮੈਂ ਘਰ ਪਹੁੰਚਿਆ, ਉਸੇ ਸਮੇਂ ਮੀਂਹ ਪੈ ਰਿਹਾ ਸੀ।
    ਅਰਥਾਤ, ਦੋਵੇਂ ਘਟਨਾਵਾਂ ਇੱਕੋ ਸਮੇਂ ਹੋ ਰਹੀਆਂ ਸਨ।
  3. ਉਹ ਨਾ ਕੇਵਲ ਹੋਸ਼ਿਆਰ ਹੈ, ਸਗੋਂ ਮਿਹਨਤੀ ਵੀ ਹੈ।
    ਇੱਥੇ ‘ਨਾ ਕੇਵਲ—ਸਗੋਂ’ ਬੰਝਵ ਯੋਜਕ ਹਨ।
    ਇਸ ਵਾਕ ਦਾ ਅਰਥ ਹੈ ਕਿ ਉਹ ਵਿਅਕਤੀ ਸਿਰਫ਼ ਹੋਸ਼ਿਆਰ ਹੀ ਨਹੀਂ, ਬਲਕਿ ਮਿਹਨਤੀ ਵੀ ਹੈ।
    ਅਰਥਾਤ, ਉਸ ਵਿੱਚ ਇੱਕ ਤੋਂ ਵੱਧ ਚੰਗੀਆਂ ਗੁਣ ਹਨ।

4. ਟੁੱਟਵੇ ਯੋਜਕ

ਜਿਹੜੇ ਯੋਜਕ ਜੋੜੇ ਦੇ ਰੂਪ ਵਿੱਚ ਤਾਂ ਹੁੰਦੇ ਹਨ, ਪਰ ਵਾਕ ਵਿੱਚ ਵੱਖ-ਵੱਖ ਥਾਵਾਂ ‘ਤੇ ਵਰਤੇ ਜਾਂਦੇ ਹਨ, ਉਹਨਾਂ ਨੂੰ ਟੁੱਟਵੇ ਯੋਜਕ ਕਿਹਾ ਜਾਂਦਾ ਹੈ।
ਜਾਂ
ਜੋ ਯੋਜਕ ਜੋੜੇ ਵਿੱਚ ਹੁੰਦੇ ਹਨ ਪਰ ਵਾਕ ਵਿੱਚ ਵੱਖ-ਵੱਖ ਥਾਵਾਂ ‘ਤੇ ਆਉਂਦੇ ਹਨ, ਉਹ ਟੁੱਟਵੇ ਯੋਜਕ ਹੁੰਦੇ ਹਨ।

ਉਦਾਹਰਨ:
ਚਾਹੇ—ਪਰ, ਭਾਵੇਂ—ਫਿਰ ਵੀ, ਨਾ—ਨਾ, ਜਾਂ—ਜਾਂ, ਆਦਿ।

ਵਾਕਾਂ ਵਿੱਚ ਵਰਤੋਂ:

  1. ਭਾਵੇਂ ਉਹ ਗਰੀਬ ਹੈ, ਫਿਰ ਵੀ ਇਮਾਨਦਾਰ ਹੈ।
    ਇੱਥੇ ‘ਭਾਵੇਂ—ਫਿਰ ਵੀ’ ਟੁੱਟਵੇ ਯੋਜਕ ਹਨ।
    ਇਸ ਵਾਕ ਦਾ ਅਰਥ ਹੈ ਕਿ ਉਹ ਵਿਅਕਤੀ ਗਰੀਬ ਤਾਂ ਹੈ, ਪਰ ਉਸ ਨੇ ਆਪਣੀ ਇਮਾਨਦਾਰੀ ਨਹੀਂ ਛੱਡੀ।
    ਅਰਥਾਤ, ਗਰੀਬੀ ਹੋਣ ਦੇ ਬਾਵਜੂਦ ਵੀ ਉਹ ਸੱਚਾ ਅਤੇ ਇਮਾਨਦਾਰ ਹੈ।
  2. ਚਾਹੇ ਤੁਸੀਂ ਆਓ, ਪਰ ਮੈਂ ਨਹੀਂ ਜਾਵਾਂਗਾ।
    ਇੱਥੇ ‘ਚਾਹੇ—ਪਰ’ ਟੁੱਟਵੇ ਯੋਜਕ ਹਨ।
    ਇਸ ਵਾਕ ਦਾ ਭਾਵ ਹੈ ਕਿ ਤੁਸੀਂ ਆਓ ਜਾਂ ਨਾ ਆਓ, ਮੇਰਾ ਫੈਸਲਾ ਨਹੀਂ ਬਦਲੇਗਾ।
    ਅਰਥਾਤ, ਮੈਂ ਜਾਣ ਲਈ ਤਿਆਰ ਨਹੀਂ ਹਾਂ।
  3. ਜਾਂ ਤੁਸੀਂ ਜਾਓ ਜਾਂ ਮੈਂ ਜਾਵਾਂ।
    ਇੱਥੇ ‘ਜਾਂ—ਜਾਂ’ ਟੁੱਟਵੇ ਯੋਜਕ ਹਨ।
    ਇਸ ਵਾਕ ਦਾ ਅਰਥ ਹੈ ਕਿ ਦੋਨਾਂ ਵਿੱਚੋਂ ਕੋਈ ਇੱਕ ਵਿਅਕਤੀ ਹੀ ਜਾਵੇਗਾ।
    ਅਰਥਾਤ, ਜਾਂ ਤੁਸੀਂ ਜਾਵੋਗੇ ਨਹੀਂ ਤਾਂ ਮੈਂ ਜਾਵਾਂਗਾ।

ਹੋਰ similar ਅਤੇ ਬਹੁਤ ਮਹੱਤਵਪੂਰਨ ਪੰਜਾਬੀ ਵਿਆਕਰਨ ਦੇ ਵਿਸ਼ੇ, ਜਿਨ੍ਹਾਂ ਨੂੰ ਤੁਹਾਨੂੰ ਵੀ ਸਿੱਖਣਾ ਚਾਹੀਦਾ ਹੈ।

About the Author – Sam

I am the main content writer at RankersChoice.com. My work is focused on writing articles that help candidates prepare for exams like PSSSB, PPSC, SSC, IBPS, and many other state and national‑level government exams. I have been teaching for more than 10 years. I have also cleared exams including SSC CGL, SSC CPO, SSC CHSL, Punjab Patwari, and Punjab Excise Inspector. My goal is to provide valuable resources for aspiring candidates while promoting RankersChoice.com mission.

WhatsApp Channel Join Now
X (Twitter) Follow Now
Pinterest Follow Now
Instagram Follow Now
Scroll to Top