ਵਿਸਮਕ (Interjection)

Official WhatsApp Channel – RankersChoice
Daily MCQs • Exam Alerts • Solved Papers • Expert Tips
Trusted by top rankers – Get exam-ready with us!
Join Now

ਜਿਹੜੇ ਸ਼ਬਦ ਅਚਾਨਕ ਮਨ ਦੇ ਭਾਵਾਂ ਜਿਵੇਂ ਖ਼ੁਸ਼ੀ, ਗ਼ਮੀ, ਹੈਰਾਨੀ, ਡਰ, ਦੁੱਖ, ਪ੍ਰਸ਼ੰਸਾ ਜਾਂ ਕਿਸੇ ਨੂੰ ਬੁਲਾਉਣ ਲਈ ਮੂੰਹੋਂ ਨਿਕਲਣ, ਉਹਨਾਂ ਨੂੰ ਵਿਸਮਕ (Interjection) ਕਿਹਾ ਜਾਂਦਾ ਹੈ।
ਜਾਂ
ਜੋ ਸ਼ਬਦ ਮਨ ਦੇ ਅਚਾਨਕ ਭਾਵ ਪ੍ਰਗਟ ਕਰਨ, ਉਹ ਵਿਸਮਕ ਕਹਾਉਂਦੇ ਹਨ।

ਅਜਿਹੇ ਸ਼ਬਦਾਂ ਨਾਲ ਲਿਖਤ ਵਿੱਚ ਅਕਸਰ ਵਿਸਮਕ ਚਿੰਨ੍ਹ (!) ਲਗਾਇਆ ਜਾਂਦਾ ਹੈ।
ਉਦਾਹਰਨ:
ਸ਼ਾਬਾਸ਼!, ਵਾਹ-ਵਾਹ!, ਹਾਏ!, ਉਫ਼!, ਓਏ!, ਕਾਸ਼!, ਹੇ ਪਰਮਾਤਮਾ! ਆਦਿ।

ਵਾਕਾਂ ਵਿੱਚ ਵਰਤੋਂ:

  1. ਓਏ ਮੁੰਡਿਆ! ਪੜ੍ਹਾਈ ਵੱਲ ਧਿਆਨ ਦੇ।
    (ਇੱਥੇ ‘ਓਏ!’ ਬੁਲਾਉਣ ਲਈ ਵਰਤਿਆ ਗਿਆ ਹੈ।)
  2. ਸ਼ਾਬਾਸ਼! ਤੇਰੀ ਮਿਹਨਤ ਰੰਗ ਲਿਆਈ।
    (ਇੱਥੇ ‘ਸ਼ਾਬਾਸ਼!’ ਪ੍ਰਸ਼ੰਸਾ ਦਾ ਭਾਵ ਦੱਸਦਾ ਹੈ।)
  3. ਕਾਸ਼! ਮੈਂ ਵੀ ਅਮੀਰ ਹੁੰਦਾ।
    (ਇੱਥੇ ‘ਕਾਸ਼!’ ਇੱਛਾ ਦਾ ਭਾਵ ਦੱਸਦਾ ਹੈ।)
  4. ਉਫ਼! ਇਹ ਕੀ ਭਾਣਾ ਵਰਤਿਆ ਹੈ।
    (ਇੱਥੇ ‘ਉਫ਼!’ ਦੁੱਖ ਅਤੇ ਹੈਰਾਨੀ ਦੱਸਦਾ ਹੈ।)

ਵਿਸਮਕ ਦੀਆਂ ਕਿਸਮਾਂ (Types of Interjection)

ਵਿਸਮਕਾਂ ਨੂੰ ਉਹਨਾਂ ਦੇ ਭਾਵਾਂ ਦੇ ਅਧਾਰ ‘ਤੇ ਵੱਖ-ਵੱਖ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ। ਕੁਝ ਖ਼ੁਸ਼ੀ ਦੱਸਦੇ ਹਨ, ਕੁਝ ਦੁੱਖ, ਕੁਝ ਹੈਰਾਨੀ ਅਤੇ ਕੁਝ ਕਿਸੇ ਨੂੰ ਬੁਲਾਉਣ ਲਈ ਵਰਤੇ ਜਾਂਦੇ ਹਨ।

ਵਿਸਮਕ ਦੀਆਂ ਨੌਂ ਕਿਸਮਾਂ ਹੁੰਦੀਆਂ ਹਨ :

  • ਸੰਬੋਧਨੀ ਵਿਸਮਕ
  • ਪ੍ਰਸੰਸਾ-ਵਾਚਕ ਵਿਸਮਕ
  • ਸ਼ੋਕ-ਵਾਚਕ ਵਿਸਮਕ
  • ਫਿਟਕਾਰ-ਵਾਚਕ ਵਿਸਮਕ
  • ਹੈਰਾਨੀ-ਵਾਚਕ ਵਿਸਮਕ
  • ਸਤਿਕਾਰ-ਵਾਚਕ ਵਿਸਮਕ
  • ਅਸੀਸ-ਵਾਚਕ ਵਿਸਮਕ

1. ਸੰਬੋਧਨੀ ਵਿਸਮਕ

ਜਿਹੜੇ ਵਿਸਮਕ ਕਿਸੇ ਨੂੰ ਬੁਲਾਉਣ ਜਾਂ ਆਵਾਜ਼ ਮਾਰਨ ਲਈ ਵਰਤੇ ਜਾਣ, ਉਹਨਾਂ ਨੂੰ ਸੰਬੋਧਨੀ ਵਿਸਮਕ ਕਿਹਾ ਜਾਂਦਾ ਹੈ।
ਜਾਂ
ਜੋ ਵਿਸਮਕ ਕਿਸੇ ਨੂੰ ਬੁਲਾਉਣ ਜਾਂ ਸੰਬੋਧਨ ਕਰਨ ਲਈ ਵਰਤੇ ਜਾਣ, ਉਹ ਸੰਬੋਧਨੀ ਵਿਸਮਕ ਹੁੰਦੇ ਹਨ।

ਉਦਾਹਰਨ:
ਓਏ!, ਵੇ!, ਅੜਿਆ!, ਨੀ!, ਜੀ!, ਬੀਬਾ!, ਅੜੀਏ!, ਆਦਿ।

ਵਾਕਾਂ ਵਿੱਚ ਵਰਤੋਂ:

  1. ਓਏ ਮੂਰਖ਼ਾ! ਕੋਈ ਸਿਆਣੀ ਗੱਲ ਕਰ।
    (ਇੱਥੇ ‘ਓਏ!’ ਕਿਸੇ ਨੂੰ ਬੁਲਾਉਣ ਲਈ ਵਰਤਿਆ ਗਿਆ ਹੈ।)
  2. ਨੀ ਕੁੜੀਏ! ਬਹੁਤਾ ਰੌਲ਼ਾ ਨਾ ਪਾ।
    (ਇੱਥੇ ‘ਨੀ!’ ਸੰਬੋਧਨ ਲਈ ਵਰਤਿਆ ਗਿਆ ਹੈ।)
  3. ਅੜੀਏ! ਮੇਰੇ ਨਾਲ ਸ਼ਹਿਰ ਹੀ ਚੱਲ।
    (ਇੱਥੇ ‘ਅੜੀਏ!’ ਆਵਾਜ਼ ਮਾਰਨ ਲਈ ਵਰਤਿਆ ਗਿਆ ਹੈ।)

2. ਪ੍ਰਸੰਸਾ-ਵਾਚਕ ਵਿਸਮਕ

ਜਿਹੜੇ ਵਿਸਮਕ ਖ਼ੁਸ਼ੀ, ਪ੍ਰਸੰਸਾ ਜਾਂ ਸ਼ਾਬਾਸ਼ ਦੇ ਭਾਵ ਪ੍ਰਗਟ ਕਰਨ, ਉਹਨਾਂ ਨੂੰ ਪ੍ਰਸੰਸਾ-ਵਾਚਕ ਵਿਸਮਕ ਕਿਹਾ ਜਾਂਦਾ ਹੈ।
ਜਾਂ
ਜੋ ਵਿਸਮਕ ਖ਼ੁਸ਼ੀ ਜਾਂ ਕਿਸੇ ਦੀ ਤਾਰੀਫ਼ ਕਰਨ ਲਈ ਵਰਤੇ ਜਾਣ, ਉਹ ਪ੍ਰਸੰਸਾ-ਵਾਚਕ ਵਿਸਮਕ ਹੁੰਦੇ ਹਨ।

ਉਦਾਹਰਨ:
ਵਾਹ!, ਬੱਲੇ-ਬੱਲੇ!, ਸ਼ਾਬਾਸ਼!, ਆਹਾ!, ਸਦਕੇ ਓਏ!, ਆਦਿ।

ਵਾਕਾਂ ਵਿੱਚ ਵਰਤੋਂ:

  1. ਬੱਲੇ-ਬੱਲੇ! ਮਹੇਸ਼, ਤੂੰ ਤਾਂ ਵੱਡਾ ਕਵੀ ਬਣ ਗਿਆ ਹੈਂ।
    (ਇੱਥੇ ‘ਬੱਲੇ-ਬੱਲੇ!’ ਪ੍ਰਸੰਸਾ ਦੱਸ ਰਿਹਾ ਹੈ।)
  2. ਆਹਾ! ਕਿੰਨੀ ਸੁੰਦਰ ਤਸਵੀਰ ਹੈ।
    (ਇੱਥੇ ‘ਆਹਾ!’ ਖ਼ੁਸ਼ੀ ਅਤੇ ਪ੍ਰਸ਼ੰਸਾ ਦੱਸ ਰਿਹਾ ਹੈ।)
  3. ਸ਼ਾਬਾਸ਼! ਤੇਰੀ ਮਿਹਨਤ ਸਦਕਾ ਹੀ ਤੂੰ ਜ਼ਿਲ੍ਹੇ ‘ਚ ਪਹਿਲਾ ਨੰਬਰ ਪ੍ਰਾਪਤ ਕੀਤਾ ਹੈ।
    (ਇੱਥੇ ‘ਸ਼ਾਬਾਸ!’ ਸ਼ਲਾਘਾ ਦਾ ਭਾਵ ਦੱਸ ਰਿਹਾ ਹੈ।)

3. ਸ਼ੋਕ-ਵਾਚਕ ਵਿਸਮਕ

ਜਿਹੜੇ ਵਿਸਮਕ ਦੁੱਖ, ਗ਼ਮੀ, ਦਰਦ ਜਾਂ ਅਫਸੋਸ ਦੇ ਭਾਵ ਪ੍ਰਗਟ ਕਰਨ, ਉਹਨਾਂ ਨੂੰ ਸ਼ੋਕ-ਵਾਚਕ ਵਿਸਮਕ ਕਿਹਾ ਜਾਂਦਾ ਹੈ।
ਜਾਂ
ਜੋ ਵਿਸਮਕ ਦੁੱਖ, ਦਰਦ ਜਾਂ ਅਫਸੋਸ ਦੇ ਭਾਵ ਪ੍ਰਗਟ ਕਰਨ, ਉਹ ਸ਼ੋਕ-ਵਾਚਕ ਵਿਸਮਕ ਹੁੰਦੇ ਹਨ।

ਉਦਾਹਰਨ:
ਹਾਏ!, ਅਫਸੋਸ!, ਉਫ਼!, ਹਾਏ ਰੱਬਾ!, ਹਾਏ ਮਾਂ!, ਤੋਬਾ!, ਆਹ!, ਆਦਿ।

ਵਾਕਾਂ ਵਿੱਚ ਵਰਤੋਂ:

  1. ਹਾਏ ਮਾਂ! ਮੈਂ ਪਾਸ ਕਿਉਂ ਨਹੀਂ ਹੋਇਆ।
    (ਇੱਥੇ ‘ਹਾਏ ਮਾਂ!’ ਦੁੱਖ ਦਾ ਭਾਵ ਦੱਸ ਰਿਹਾ ਹੈ।)
  2. ਹਾਏ ਰੱਬਾ! ਮੇਰੇ ਪਿਤਾ ਜੀ ਨੂੰ ਕੀ ਹੋ ਗਿਆ ਹੈ।
    (ਇੱਥੇ ‘ਹਾਏ ਰੱਬਾ!’ ਗਮੀ ਅਤੇ ਚਿੰਤਾ ਦੱਸ ਰਿਹਾ ਹੈ।)
  3. ਉਫ਼! ਇਹ ਬਹੁਤ ਖ਼ਤਰਨਾਕ ਟੱਕਰ ਹੋਈ ਹੈ।
    (ਇੱਥੇ ‘ਉਫ਼!’ ਦੁੱਖ ਅਤੇ ਹੈਰਾਨੀ ਦੱਸ ਰਿਹਾ ਹੈ।)

4. ਫਿਟਕਾਰ-ਵਾਚਕ ਵਿਸਮਕ

ਜਿਹੜੇ ਵਿਸਮਕ ਗੁੱਸੇ, ਫਟਕਾਰ, ਨਿੰਦਾ ਜਾਂ ਲਾਹਨਤ ਦੇ ਭਾਵ ਪ੍ਰਗਟ ਕਰਨ, ਉਹਨਾਂ ਨੂੰ ਫਿਟਕਾਰ-ਵਾਚਕ ਵਿਸਮਕ ਕਿਹਾ ਜਾਂਦਾ ਹੈ।
ਜਾਂ
ਜੋ ਵਿਸਮਕ ਗੁੱਸੇ, ਡਾਂਟ ਜਾਂ ਨਿੰਦਾ ਦੇ ਭਾਵ ਪ੍ਰਗਟ ਕਰਨ, ਉਹ ਫਿਟਕਾਰ-ਵਾਚਕ ਵਿਸਮਕ ਹੁੰਦੇ ਹਨ।

ਉਦਾਹਰਨ:
ਫਿੱਟੇ-ਮੂੰਹ!, ਦੁਰ ਫਿੱਟੇ-ਮੂੰਹ!, ਲੱਖ ਲਾਹਨਤ!, ਬੇਸ਼ਰਮਾ!, ਦਫ਼ਾ ਹੋ!, ਸਤਿਆਨਾਸ!, ਆਦਿ।

ਵਾਕਾਂ ਵਿੱਚ ਵਰਤੋਂ:

  1. ਬੇਸ਼ਰਮਾ! ਤੈਨੂੰ ਚੋਰੀ ਕਰਦਿਆਂ ਸ਼ਰਮ ਨਾ ਆਈ।
    (ਇੱਥੇ ‘ਬੇਸ਼ਰਮਾ!’ ਫਿਟਕਾਰ ਦੱਸ ਰਿਹਾ ਹੈ।)
  2. ਸਤਿਆਨਾਸ! ਇਹ ਸਬਜ਼ੀ ਬਣਾਈ ਕਿਸ ਨੇ ਹੈ।
    (ਇੱਥੇ ‘ਸਤਿਆਨਾਸ!’ ਨਾਰਾਜ਼ਗੀ ਅਤੇ ਗੁੱਸਾ ਦੱਸ ਰਿਹਾ ਹੈ।)
  3. ਦੂਰ ਫਿੱਟੇ-ਮੂੰਹ! ਤੂੰ ਏਨਾ ਕਮੀਨਾ ਨਿਕਲੇਂਗਾ, ਮੈਂ ਸੋਚਿਆ ਵੀ ਨਹੀਂ ਸੀ।
    (ਇੱਥੇ ‘ਦੂਰ ਫਿੱਟੇ-ਮੂੰਹ!’ ਲਾਹਨਤ ਅਤੇ ਨਿੰਦਾ ਦੱਸ ਰਿਹਾ ਹੈ।)

5. ਹੈਰਾਨੀ-ਵਾਚਕ ਵਿਸਮਕ

ਜਿਹੜੇ ਵਿਸਮਕ ਹੈਰਾਨੀ ਜਾਂ ਅਚੰਭੇ ਦੇ ਭਾਵ ਪ੍ਰਗਟ ਕਰਨ, ਉਹਨਾਂ ਨੂੰ ਹੈਰਾਨੀ-ਵਾਚਕ ਵਿਸਮਕ ਕਿਹਾ ਜਾਂਦਾ ਹੈ।
ਜਾਂ
ਜੋ ਵਿਸਮਕ ਅਚੰਭੇ ਜਾਂ ਹੈਰਾਨੀ ਦੇ ਭਾਵ ਪ੍ਰਗਟ ਕਰਨ, ਉਹ ਹੈਰਾਨੀ-ਵਾਚਕ ਵਿਸਮਕ ਹੁੰਦੇ ਹਨ।

ਉਦਾਹਰਨ:
ਹੈਂ!, ਹੈਂ ਹੈਂ!, ਹੱਛਾ!, ਵਾਹ!, ਕਮਾਲ ਐ!, ਵਾਹ ਭਈ ਵਾਹ!, ਆਦਿ।

ਵਾਕਾਂ ਵਿੱਚ ਵਰਤੋਂ:

  1. ਹੈਂ! ਉਹ ਵਿਦੇਸ਼ ਚਲਾ ਗਿਆ ਹੈ।
    (ਇੱਥੇ ‘ਹੈਂ!’ ਹੈਰਾਨੀ ਦੱਸ ਰਿਹਾ ਹੈ।)
  2. ਵਾਹ ਭਈ ਵਾਹ! ਤੇਰੀ ਪ੍ਰਸੰਸਾ ਤਾਂ ਤੇਰੇ ਸਾਰੇ ਅਧਿਆਪਕ ਕਰਦੇ ਹਨ।
    (ਇੱਥੇ ‘ਵਾਹ ਭਈ ਵਾਹ!’ ਅਚੰਭਾ ਅਤੇ ਖ਼ੁਸ਼ੀ ਦੱਸ ਰਿਹਾ ਹੈ।)
  3. ਕਮਾਲ ਐ! ਉਹ ਤੈਨੂੰ ਵੀ ਕੋਈ ਗੱਲ ਨਹੀਂ ਦੱਸਦਾ।
    (ਇੱਥੇ ‘ਕਮਾਲ ਐ!’ ਹੈਰਾਨੀ ਦਾ ਭਾਵ ਦੱਸ ਰਿਹਾ ਹੈ।)

6. ਸਤਿਕਾਰ-ਵਾਚਕ ਵਿਸਮਕ

ਜਿਹੜੇ ਵਿਸਮਕ ਕਿਸੇ ਲਈ ਆਦਰ, ਸਤਿਕਾਰ ਜਾਂ ਸੁਆਗਤ ਦੇ ਭਾਵ ਪ੍ਰਗਟ ਕਰਨ, ਉਹਨਾਂ ਨੂੰ ਸਤਿਕਾਰ-ਵਾਚਕ ਵਿਸਮਕ ਕਿਹਾ ਜਾਂਦਾ ਹੈ।
ਜਾਂ
ਜੋ ਵਿਸਮਕ ਆਦਰ, ਸਤਿਕਾਰ ਜਾਂ ਸੁਆਗਤ ਦੇ ਭਾਵ ਪ੍ਰਗਟ ਕਰਨ, ਉਹ ਸਤਿਕਾਰ-ਵਾਚਕ ਵਿਸਮਕ ਹੁੰਦੇ ਹਨ।

ਉਦਾਹਰਨ:
ਆਓ ਜੀ!, ਜੀ ਆਇਆਂ ਨੂੰ!, ਧੰਨ ਭਾਗ!, ਆਈਏ!, ਹਾਰਦਿਕ ਸੁਆਗਤ!, ਆਦਿ।

ਵਾਕਾਂ ਵਿੱਚ ਵਰਤੋਂ:

  1. ਧੰਨ ਭਾਗ! ਬੜੀ ਦੇਰ ਮਗਰੋਂ ਤੁਹਾਡੇ ਦਰਸ਼ਨ ਹੋਏ ਹਨ।
    (ਇੱਥੇ ‘ਧੰਨ ਭਾਗ!’ ਆਦਰ ਅਤੇ ਖੁਸ਼ੀ ਦੱਸ ਰਿਹਾ ਹੈ।)
  2. ਜੀ ਆਇਆਂ ਨੂੰ! ਸਾਡੇ ਘਰ ਆ ਕੇ ਤੁਸੀਂ ਸਾਡਾ ਮਾਣ ਵਧਾਇਆ ਹੈ।
    (ਇੱਥੇ ‘ਜੀ ਆਇਆਂ ਨੂੰ!’ ਸੁਆਗਤ ਦਾ ਭਾਵ ਦੱਸ ਰਿਹਾ ਹੈ।)
  3. ਆਓ ਜੀ! ਪਹਿਲਾਂ ਮੈਂ ਤੁਹਾਨੂੰ ਆਪਣੀ ਕਾਰ ਵਿਖਾਉਂਦਾ ਹਾਂ।
    (ਇੱਥੇ ‘ਆਓ ਜੀ!’ ਸਤਿਕਾਰ ਨਾਲ ਬੁਲਾਇਆ ਜਾ ਰਿਹਾ ਹੈ।)

7. ਅਸੀਸ-ਵਾਚਕ ਵਿਸਮਕ

ਜਿਹੜੇ ਵਿਸਮਕ ਕਿਸੇ ਲਈ ਅਸੀਸ, ਦੁਆ ਜਾਂ ਅਸ਼ੀਰਵਾਦ ਦੇ ਭਾਵ ਪ੍ਰਗਟ ਕਰਨ, ਉਹਨਾਂ ਨੂੰ ਅਸੀਸ-ਵਾਚਕ ਵਿਸਮਕ ਕਿਹਾ ਜਾਂਦਾ ਹੈ।
ਜਾਂ
ਜੋ ਵਿਸਮਕ ਕਿਸੇ ਨੂੰ ਦੁਆ ਜਾਂ ਅਸ਼ੀਰਵਾਦ ਦੇਣ ਲਈ ਵਰਤੇ ਜਾਣ, ਉਹ ਅਸੀਸ-ਵਾਚਕ ਵਿਸਮਕ ਹੁੰਦੇ ਹਨ।

ਉਦਾਹਰਨ:
ਭਲਾ ਹੋਵੇ!, ਰੱਬ ਭਲਾ ਕਰੇ!, ਜਿਉਂਦਾ ਰਹੁ!, ਵੱਡੀ ਉਮਰ ਹੋਵੇ!, ਸੁਹਾਗਣ ਹੋਵੇਂ!, ਸਾਈਂ ਜੀਵੇ!, ਆਦਿ।

ਵਾਕਾਂ ਵਿੱਚ ਵਰਤੋਂ:

  1. ਜਿਉਂਦੇ ਰਹੁ! ਪਰਮਾਤਮਾ ਤੁਹਾਡੇ ਸੁਪਨੇ ਸਾਕਾਰ ਕਰੇ।
    (ਇੱਥੇ ‘ਜਿਉਂਦੇ ਰਹੁ!’ ਅਸੀਸ ਦਾ ਭਾਵ ਦੱਸ ਰਿਹਾ ਹੈ।)
  2. ਰੱਬ ਭਲਾ ਕਰੇ! ਤੂੰ ਜੀਵਨ ‘ਚ ਸਫ਼ਲ ਹੋਵੇਂ।
    (ਇੱਥੇ ‘ਰੱਬ ਭਲਾ ਕਰੇ!’ ਦੁਆ ਅਤੇ ਅਸ਼ੀਰਵਾਦ ਦੱਸ ਰਿਹਾ ਹੈ।)
  3. ਸੁਹਾਗਣ ਹੋਵੇਂ! ਤੂੰ ਮੇਰੀ ਬਹੁਤ ਸੇਵਾ ਕਰਦੀ ਹੈਂ।
    (ਇੱਥੇ ‘ਸੁਹਾਗਣ ਹੋਵੇਂ!’ ਅਸੀਸ ਦਾ ਭਾਵ ਦੱਸ ਰਿਹਾ ਹੈ।)

8. ਇੱਛਿਆ-ਵਾਚਕ ਵਿਸਮਕ

ਜਿਹੜੇ ਵਿਸਮਕ ਮਨ ਦੀ ਇੱਛਾ, ਆਰਜ਼ੂ ਜਾਂ ਪ੍ਰਾਰਥਨਾ ਦੇ ਭਾਵ ਪ੍ਰਗਟ ਕਰਨ, ਉਹਨਾਂ ਨੂੰ ਇੱਛਿਆ-ਵਾਚਕ ਵਿਸਮਕ ਕਿਹਾ ਜਾਂਦਾ ਹੈ।
ਜਾਂ
ਜੋ ਵਿਸਮਕ ਮਨ ਦੀ ਇੱਛਾ, ਆਸ ਜਾਂ ਪ੍ਰਾਰਥਨਾ ਪ੍ਰਗਟ ਕਰਨ, ਉਹ ਇੱਛਿਆ-ਵਾਚਕ ਵਿਸਮਕ ਹੁੰਦੇ ਹਨ।

ਉਦਾਹਰਨ:
ਕਾਸ਼!, ਜੇ!, ਹਾਏ ਜੇਕਰ!, ਜੇ ਕਿਤੇ!, ਹੇ ਰੱਬਾ!, ਹੇ ਪਰਮਾਤਮਾ!, ਹੇ ਦਾਤਾ!, ਆਦਿ।

ਵਾਕਾਂ ਵਿੱਚ ਵਰਤੋਂ:

  1. ਕਾਸ਼! ਮੇਰੇ ਕੋਲ਼ ਵੀ ਵੱਡੀ ਕੋਠੀ ਹੁੰਦੀ।
    (ਇੱਥੇ ‘ਕਾਸ਼!’ ਮਨ ਦੀ ਇੱਛਾ ਦੱਸ ਰਿਹਾ ਹੈ।)
  2. ਹੇ ਮਾਲਕਾ! ਸਰਬੱਤ ਦਾ ਭਲਾ ਕਰੀਂ।
    (ਇੱਥੇ ‘ਹੇ ਮਾਲਕਾ!’ ਪ੍ਰਾਰਥਨਾ ਦਾ ਭਾਵ ਦੱਸ ਰਿਹਾ ਹੈ।)
  3. ਹੇ ਦਾਤਾ! ਮੈਨੂੰ ਮਿਹਨਤ ਕਰਨ ਦਾ ਬਲ ਬਖ਼ਸ਼।
    (ਇੱਥੇ ‘ਹੇ ਦਾਤਾ!’ ਬੇਨਤੀ ਅਤੇ ਇੱਛਾ ਦੱਸ ਰਿਹਾ ਹੈ।)

9. ਸੂਚਨਾ-ਵਾਚਕ ਵਿਸਮਕ

ਜਿਹੜੇ ਵਿਸਮਕ ਕਿਸੇ ਨੂੰ ਸੁਚੇਤ ਕਰਨ, ਚੇਤਾਵਨੀ ਦੇਣ ਜਾਂ ਸੂਚਨਾ ਦੇਣ ਲਈ ਵਰਤੇ ਜਾਣ, ਉਹਨਾਂ ਨੂੰ ਸੂਚਨਾ-ਵਾਚਕ ਵਿਸਮਕ ਕਿਹਾ ਜਾਂਦਾ ਹੈ।
ਜਾਂ
ਜੋ ਵਿਸਮਕ ਚੇਤਾਵਨੀ ਜਾਂ ਸੂਚਨਾ ਦੇਣ ਲਈ ਵਰਤੇ ਜਾਣ, ਉਹ ਸੂਚਨਾ-ਵਾਚਕ ਵਿਸਮਕ ਹੁੰਦੇ ਹਨ।

ਉਦਾਹਰਨ:
ਠਹਿਰੋ!, ਰੁਕੋ!, ਸੁਣੋ ਜੀ!, ਵੇਖੋ!, ਦੇਖਿਓ!, ਖ਼ਬਰਦਾਰ!, ਬਚ ਕੇ!, ਸਾਵਧਾਨ!, ਆਦਿ।

ਵਾਕਾਂ ਵਿੱਚ ਵਰਤੋਂ:

  1. ਸਾਵਧਾਨ! ਅੱਗੇ ਸੜਕ ਟੁੱਟੀ ਹੋਈ ਹੈ।
    (ਇੱਥੇ ‘ਸਾਵਧਾਨ!’ ਚੇਤਾਵਨੀ ਦੇ ਰਿਹਾ ਹੈ।)
  2. ਵੇਖੋ! ਇਹ ਬਿਮਾਰੀ ਬਹੁਤ ਖ਼ਤਰਨਾਕ ਹੈ।
    (ਇੱਥੇ ‘ਵੇਖੋ!’ ਧਿਆਨ ਦਿਵਾਇਆ ਜਾ ਰਿਹਾ ਹੈ।)
  3. ਬਚ ਕੇ! ਇਸ ਖੰਭੇ ‘ਤੇ ਬਿਜਲੀ ਆਉਂਦੀ ਹੈ।
    (ਇੱਥੇ ‘ਬਚ ਕੇ!’ ਸੁਚੇਤ ਕੀਤਾ ਜਾ ਰਿਹਾ ਹੈ।)

ਹੋਰ similar ਅਤੇ ਬਹੁਤ ਮਹੱਤਵਪੂਰਨ ਪੰਜਾਬੀ ਵਿਆਕਰਨ ਦੇ ਵਿਸ਼ੇ, ਜਿਨ੍ਹਾਂ ਨੂੰ ਤੁਹਾਨੂੰ ਵੀ ਸਿੱਖਣਾ ਚਾਹੀਦਾ ਹੈ।

About the Author – Sam

I am the main content writer at RankersChoice.com. My work is focused on writing articles that help candidates prepare for exams like PSSSB, PPSC, SSC, IBPS, and many other state and national‑level government exams. I have been teaching for more than 10 years. I have also cleared exams including SSC CGL, SSC CPO, SSC CHSL, Punjab Patwari, and Punjab Excise Inspector. My goal is to provide valuable resources for aspiring candidates while promoting RankersChoice.com mission.

WhatsApp Channel Join Now
X (Twitter) Follow Now
Pinterest Follow Now
Instagram Follow Now
Scroll to Top