‘ਵਿਸਰਾਮ’ ਦਾ ਅਰਥ ਹੈ — ਠਹਿਰਨਾ, ਰੁਕਣਾ ਜਾਂ ਅਰਾਮ ਕਰਨਾ ਅਤੇ ‘ਚਿੰਨ੍ਹ’ ਦਾ ਅਰਥ ਹੈ — ਨਿਸ਼ਾਨ।
ਇਸ ਤਰ੍ਹਾਂ, ਜਿਹੜੇ ਚਿੰਨ੍ਹ ਲਿਖਤ ਵਿੱਚ ਠਹਿਰਾਓ ਜਾਂ ਰੁਕਾਵਟ ਦੱਸਣ ਲਈ ਵਰਤੇ ਜਾਂਦੇ ਹਨ, ਉਹਨਾਂ ਨੂੰ ਵਿਸਰਾਮ-ਚਿੰਨ੍ਹ (Punctuation) ਕਿਹਾ ਜਾਂਦਾ ਹੈ।
ਵਿਸਰਾਮ-ਚਿੰਨ੍ਹਾਂ ਦੀ ਮਹੱਤਤਾ
ਜਦੋਂ ਅਸੀਂ ਗੱਲ ਕਰਦੇ ਹਾਂ, ਤਾਂ ਕਿਤੇ ਥੋੜ੍ਹਾ ਅਤੇ ਕਿਤੇ ਵੱਧ ਰੁਕਦੇ ਹਾਂ। ਅਸੀਂ ਆਪਣੀ ਆਵਾਜ਼ ਦਾ ਲਹਿਜਾ ਵੀ ਬਦਲਦੇ ਹਾਂ, ਜਿਸ ਨਾਲ ਸਾਡੀ ਗੱਲ ਦੂਸਰਿਆਂ ਨੂੰ ਸਹੀ ਤਰੀਕੇ ਨਾਲ ਸਮਝ ਆ ਜਾਂਦੀ ਹੈ।
ਇਸੇ ਤਰ੍ਹਾਂ ਲਿਖਤ ਵਿੱਚ ਭਾਵ, ਰੁਕਾਵਟ ਅਤੇ ਲਹਿਜਾ ਦੱਸਣ ਲਈ ਵੱਖ-ਵੱਖ ਚਿੰਨ੍ਹ ਵਰਤੇ ਜਾਂਦੇ ਹਨ। ਇਨ੍ਹਾਂ ਨੂੰ ਵਿਸਰਾਮ-ਚਿੰਨ੍ਹ ਕਿਹਾ ਜਾਂਦਾ ਹੈ।
ਵਿਸਰਾਮ-ਚਿੰਨ੍ਹਾਂ ਦੀ ਵਰਤੋਂ ਬਹੁਤ ਮਹੱਤਵਪੂਰਨ ਹੈ, ਕਿਉਂਕਿ ਜੇ ਇਹ ਸਹੀ ਥਾਂ ‘ਤੇ ਨਾ ਲਗਾਏ ਜਾਣ ਤਾਂ ਵਾਕ ਦਾ ਅਰਥ ਬਦਲ ਸਕਦਾ ਹੈ।
ਵਿਸਰਾਮ-ਚਿੰਨ੍ਹ ਲਿਖਤ ਨੂੰ ਸਾਫ਼, ਸੁੰਦਰ ਅਤੇ ਸਮਝਣ ਯੋਗ ਬਣਾਉਂਦੇ ਹਨ। ਇਹ ਪੜ੍ਹਨ ਵਾਲੇ ਨੂੰ ਦੱਸਦੇ ਹਨ ਕਿ ਕਿੱਥੇ ਰੁਕਣਾ ਹੈ ਅਤੇ ਕਿਸ ਭਾਵ ਨਾਲ ਵਾਕ ਪੜ੍ਹਣਾ ਹੈ।
- (ੳ) ਬੱਚਿਓ! ਇਸ ਕੁੱਤੇ ਨੂੰ ਰੋਕੋ ਨਾ, ਜਾਣ ਦਿਓ।
(ਅ) ਬੱਚਿਓ! ਇਸ ਕੁੱਤੇ ਨੂੰ ਰੋਕੋ, ਨਾ ਜਾਣ ਦਿਓ। - (ੳ) ਕੁੜੀਓ! ਪੜ੍ਹੋ ਨਾ, ਖੇਡੋ।
(ਅ) ਕੁੜੀਓ! ਪੜ੍ਹੋ, ਨਾ ਖੇਡੋ।
ਤੁਸੀਂ ਦੇਖਦੇ ਹੋ ਕਿ ਉਪਰੋਕਤ ਵਾਕਾਂ ਵਿੱਚ ਵਿਸਰਾਮ-ਚਿੰਨ੍ਹ ‘ਕਾਮਾ’ ਦੀ ਥਾਂ ਬਦਲਣ ਨਾਲ ਵਾਕਾਂ ਦੇ ਅਰਥ ਵੀ ਬਦਲ ਜਾਂਦੇ ਹਨ। ਪਹਿਲੀ ਉਦਾਹਰਨ ਵਿੱਚ ਵਾਕ (ੳ) ਵਿੱਚ ਕੁੱਤੇ ਨੂੰ ਨਾ ਰੋਕਣ ਅਤੇ ਉਸਨੂੰ ਜਾਣ ਦੇਣ ਦਾ ਅਰਥ ਹੈ, ਜਦਕਿ ਵਾਕ (ਅ) ਵਿੱਚ ਕੁੱਤੇ ਨੂੰ ਰੋਕਣ ਅਤੇ ਨਾ ਜਾਣ ਦੇਣ ਦਾ ਅਰਥ ਹੈ।
ਇਸੇ ਤਰ੍ਹਾਂ ਦੂਜੀ ਉਦਾਹਰਨ ਵਿੱਚ ਵਾਕ (ੳ) ਵਿੱਚ ਕੁੜੀਆਂ ਨੂੰ ਪੜ੍ਹਨ ਦੀ ਥਾਂ ਖੇਡਣ ਲਈ ਕਿਹਾ ਗਿਆ ਹੈ, ਜਦਕਿ ਵਾਕ (ਅ) ਵਿੱਚ ਖੇਡਣ ਦੀ ਥਾਂ ਪੜ੍ਹਨ ਲਈ ਕਿਹਾ ਗਿਆ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਵਿਸਰਾਮ-ਚਿੰਨ੍ਹਾਂ ਦੀ ਸਹੀ ਵਰਤੋਂ ਬਹੁਤ ਜ਼ਰੂਰੀ ਹੈ।
ਵਿਸਰਾਮ-ਚਿੰਨ੍ਹ (Punctuation)
ਪੰਜਾਬੀ ਭਾਸ਼ਾ ਵਿੱਚ ਹੇਠ ਲਿਖੇ ਵਿਸਰਾਮ-ਚਿੰਨ੍ਹ ਵਰਤੇ ਜਾਂਦੇ ਹਨ :
- ਡੰਡੀ ਜਾਂ ਪੂਰਨ ਵਿਸਰਾਮ (Full Stop) = |
- ਪ੍ਰਸ਼ਨ-ਚਿੰਨ੍ਹ (Sign of Interrogation) = ?
- ਵਿਸਮਕ-ਚਿੰਨ੍ਹ (Sign of Exclamation) = !
- ਕਾਮਾ (Comma) = ,
- ਅਰਧ-ਵਿਸਰਾਮ (Semi-Colon) = ;
- ਦੁਬਿੰਦੀ ਜਾਂ ਕੌਲਨ (Colon) = :
- ਡੈਸ਼ (Dash) = —
- ਦੁਬਿੰਦੀ ਡੈਸ਼ (Colon and Dash) = :-
- ਪੁੱਠੇ ਕਾਮੇ (Inverted Commas) = “ ” / ‘ ’
- ਜੋੜਨੀ (Hyphen) = –
- ਬਰੈਕਟ (Brackets) = ( ) / [ ]
- ਛੋਟ-ਮਰੇੜੀ (Apostrophe) = ’
- ਬਿੰਦੀ (Dot) = .
ਵਰਤੋਂ ਸੰਬੰਧੀ ਮੁੱਖ ਨਿਯਮ
ਇਨ੍ਹਾਂ ਵਿਸਰਾਮ-ਚਿੰਨ੍ਹਾਂ ਦੀ ਵਰਤੋਂ ਸੰਬੰਧੀ ਨਿਯਮ :
1. ਡੰਡੀ ਜਾਂ ਪੂਰਨ ਵਿਸਰਾਮ ( | )
ਇਹ ਚਿੰਨ੍ਹ ਵਾਕ ਦੇ ਅੰਤ ਵਿੱਚ ਪੂਰਾ ਠਹਿਰਾਓ ਦੱਸਣ ਲਈ ਵਰਤਿਆ ਜਾਂਦਾ ਹੈ। ਇਹ ਇੱਕ ਵਾਕ ਨੂੰ ਦੂਜੇ ਵਾਕ ਤੋਂ ਵੱਖ ਕਰਦਾ ਹੈ। ਪੰਜਾਬੀ ਦੀਆਂ ਪੁਰਾਣੀਆਂ ਲਿਖਤਾਂ, ਜਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਦੋ ਡੰਡੀਆਂ (॥) ਵੀ ਵਰਤੀਆਂ ਜਾਂਦੀਆਂ ਹਨ; ਜਿਵੇਂ : ਮਨਿ ਜੀਤੈ ਜਗੁ ਜੀਤੁ ॥ ਅੰਗਰੇਜ਼ੀ ਭਾਸ਼ਾ ਵਿੱਚ ਡੰਡੀ (|) ਦੀ ਥਾਂ ਬਿੰਦੀ (.) ਵਰਤੀ ਜਾਂਦੀ ਹੈ।
ਉਦਾਹਰਨ :
- ਬੱਚੇ ਛੱਤ ‘ਤੇ ਪਤੰਗ ਉਡਾ ਰਹੇ ਹਨ।
- ਮੈਂ ਕੱਲ੍ਹ ਫ਼ਿਲਮ ਦੇਖਣ ਜਾਵਾਂਗਾ।
ਜਿੱਥੇ ਵਾਕ ਪੂਰਾ ਹੋ ਜਾਵੇ, ਉੱਥੇ ਡੰਡੀ ਜਾਂ ਪੂਰਨ ਵਿਸਰਾਮ ਲਗਾਇਆ ਜਾਂਦਾ ਹੈ।
2. ਪ੍ਰਸ਼ਨ-ਚਿੰਨ੍ਹ ( ? )
ਇਸ ਚਿੰਨ੍ਹ ਦੀ ਵਰਤੋਂ ਉਹਨਾਂ ਵਾਕਾਂ ਦੇ ਅੰਤ ਵਿੱਚ ਕੀਤੀ ਜਾਂਦੀ ਹੈ, ਜਿਨ੍ਹਾਂ ਵਿੱਚ ਕੋਈ ਪ੍ਰਸ਼ਨ ਪੁੱਛਿਆ ਗਿਆ ਹੋਵੇ।
ਉਦਾਹਰਨ :
- (ੳ) ਤੁਹਾਡਾ ਕੀ ਨਾਂ ਹੈ?
- (ਅ) ਤੁਹਾਡੇ ਪਿਤਾ ਜੀ ਕਿੱਥੇ ਗਏ ਸਨ?
- (ੲ) ਰੌਲਾ ਕੌਣ ਪਾ ਰਿਹਾ ਹੈ?
- (ਸ) ਕੀ ਮੁੰਡੇ ਖੇਡ ਰਹੇ ਹਨ?
ਨੋਟ :
ਜਦੋਂ ਮਿਸ਼ਰਤ ਵਾਕ ਵਿੱਚ ਪ੍ਰਸ਼ਨ ਕਿਸੇ ਹੋਰ ਵਾਕ ਦੇ ਅਧੀਨ ਹੋਵੇ, ਤਾਂ ਉਸ ਦੇ ਅੰਤ ਵਿੱਚ ਪ੍ਰਸ਼ਨ-ਚਿੰਨ੍ਹ (?) ਨਹੀਂ ਲਾਇਆ ਜਾਂਦਾ, ਸਗੋਂ ਡੰਡੀ (|) ਲਗਾਈ ਜਾਂਦੀ ਹੈ।
ਉਦਾਹਰਨ :
- ਮੈਂ ਸਹਿਜ ਜਾਣਾਂ ਜਾਂ ਨਾ, ਤੁਹਾਨੂੰ ਇਸ ਨਾਲ਼ ਕੀ।
- ਮੈਂ ਫਿਕਰਮੰਦ ਹਾਂ ਕਿ ਕਿਰਨਜੀਤ ਨੇ ਪੁੱਠੇ ਕੰਮ ਦਾ ਠੇਕਾ ਕਿਉਂ ਲਿਆ ਹੋਇਆ ਹੈ।
ਜਿੱਥੇ ਕੋਈ ਸਵਾਲ ਪੁੱਛਿਆ ਜਾਵੇ, ਉੱਥੇ ਪ੍ਰਸ਼ਨ-ਚਿੰਨ੍ਹ (?) ਲਗਾਇਆ ਜਾਂਦਾ ਹੈ।
3. ਵਿਸਮਕ-ਚਿੰਨ੍ਹ ( ! )
ਇਸ ਚਿੰਨ੍ਹ ਦੀ ਵਰਤੋਂ ਕਿਸੇ ਨੂੰ ਸੰਬੋਧਨ ਕਰਨ ਜਾਂ ਖੁਸ਼ੀ, ਗਮੀ, ਹੈਰਾਨੀ, ਇੱਛਾ, ਫਟਕਾਰ ਆਦਿ ਦੇ ਭਾਵ ਪ੍ਰਗਟ ਕਰਨ ਲਈ ਕੀਤੀ ਜਾਂਦੀ ਹੈ।
(i) ਕਿਸੇ ਨੂੰ ਸੰਬੋਧਨ ਕਰਨ ਲਈ :
- ਓਏ ਮੁੰਡਿਆ! ਪੱਖਾ ਬੰਦ ਕਰ।
(ii) ਖੁਸ਼ੀ, ਗਮੀ ਜਾਂ ਇੱਛਾ ਵਾਲੇ ਵਾਕਾਂ ਵਿੱਚ :
- (ੳ) ਵਾਹ! ਕਿੰਨਾ ਸੁਹਾਵਣਾ ਮੌਸਮ ਹੈ।
(ਖੁਸ਼ੀ) - (ਅ) ਹੇ ਰੱਬਾ! ਮੁੰਡੇ ਨੂੰ ਏਡੀ ਸੱਟ ਕਿਉਂ ਲੱਗੀ ਹੈ।
(ਗ਼ਮੀ) - (ੲ) ਹੇ ਪਰਮਾਤਮਾ! ਮੇਰੇ ਕੋਲ਼ ਵੀ ਕਾਰ ਹੋਵੇ।
(ਇੱਛਾ)
(iii) ਵਿਸਮਕ ਸ਼ਬਦਾਂ ਜਾਂ ਵਾਕੰਸ਼ਾਂ ਨਾਲ :
ਕਾਸ਼!, ਸ਼ਾਬਾਸ਼ੇ!, ਲੱਖ ਲਾਹਨਤ!, ਧੰਨ ਭਾਗ!, ਹਾਏ ਮਾਂ!, ਹਾ ਹਾ! ਆਦਿ।
ਨੋਟ :
ਕਈ ਵਾਰੀ ਭਾਵਾਂ ਨੂੰ ਹੋਰ ਵੱਧ ਪ੍ਰਗਟ ਕਰਨ ਲਈ ਵਿਸਮਕ-ਚਿੰਨ੍ਹ ਨੂੰ ਦੋ ਜਾਂ ਤਿੰਨ ਵਾਰ ਵੀ ਲਿਖਿਆ ਜਾਂਦਾ ਹੈ।
ਉਦਾਹਰਨ :
ਵਾਹ! ਵਾਹ-ਵਾਹ!!
ਰਾਮ! ਰਾਮ ਰਾਮ!! ਰਾਮ ਰਾਮ ਰਾਮ!!!
ਜਿੱਥੇ ਖੁਸ਼ੀ, ਦੁੱਖ, ਹੈਰਾਨੀ, ਗੁੱਸਾ ਜਾਂ ਸੰਬੋਧਨ ਦੇ ਭਾਵ ਦੱਸਣੇ ਹੋਣ, ਉੱਥੇ ਵਿਸਮਕ-ਚਿੰਨ੍ਹ (!) ਲਗਾਇਆ ਜਾਂਦਾ ਹੈ।
4. ਕਾਮਾ ( , )
ਇਹ ਚਿੰਨ੍ਹ ਬਹੁਤ ਹੀ ਥੋੜ੍ਹੇ ਜਿਹੇ ਠਹਿਰਾਓ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ। ਇਸ ਦੀ ਮੁੱਖ ਵਰਤੋਂ ਹੇਠ ਲਿਖੇ ਅਨੁਸਾਰ ਕੀਤੀ ਜਾਂਦੀ ਹੈ :
(i) ਜਦੋਂ ਇੱਕ ਤੋਂ ਵੱਧ ਚੀਜ਼ਾਂ ਨੂੰ ਵੱਖ ਕਰਨਾ ਹੋਵੇ :
- ਆਲੂ, ਪਿਆਜ਼, ਗੋਭੀ, ਮਟਰ, ਪਨੀਰ, ਕੇਲੇ, ਸੇਬ ਅਤੇ ਪਾਲਕ ਲਿਆਓ।
- ਠੱਗ, ਚੋਰ, ਬਦਮਾਸ਼ ਅਤੇ ਸਮਗਲਰ ਪੁਲਿਸ ਤੋਂ ਮਾਰ ਖਾਂਦੇ ਹਨ।
(ii) ਸੰਬੋਧਨੀ ਸ਼ਬਦਾਂ ਦੇ ਪਿੱਛੇ :
- ਕੁੜੀਓ, ਰੌਲ਼ਾ ਨਾ ਪਾਓ।
- ਕਿਸਾਨੋ, ਇੱਕ ਹੋ ਜਾਓ।
(iii) ਪੁੱਠੇ ਕਾਮਿਆਂ (“ ”) ਵਿੱਚ ਲਿਖੇ ਜਾਣ ਵਾਲ਼ੇ ਸ਼ਬਦਾਂ ਤੋਂ ਪਹਿਲਾਂ :
- ਪਿਤਾ ਜੀ ਨੇ ਕਿਹਾ, “ਮਿਹਨਤ ਹੀ ਸਫਲਤਾ ਦੀ ਕੁੰਜੀ ਹੈ।”
- ਅਧਿਆਪਕ ਜੀ ਨੇ ਦੱਸਿਆ, “ਸੋਮਵਾਰ ਵਿਸਾਖੀ ਦੀ ਛੁੱਟੀ ਹੈ।”
(iv) ਜਦੋਂ ਵਾਕ ਦੇ ਅਰੰਭ ਵਿੱਚ ‘ਹਾਂ, ਨਾਹ, ਅੱਛਾ, ਨਹੀਂ’ ਆਦਿ ਸ਼ਬਦ ਆਉਣ :
- ਹਾਂ, ਇਹ ਕੰਮ ਤੈਨੂੰ ਹੀ ਕਰਨਾ ਪਵੇਗਾ।
- ਅੱਛਾ, ਇਹ ਘਰ ਅਮਨ ਦਾ ਹੈ।
- ਨਾਂਹ, ਤੂੰ ਸਾਡੇ ਨਾਲ਼ ਨਹੀਂ ਜਾ ਸਕਦਾ।
- ਨਹੀਂ, ਅਸ਼ੋਕ ਹੀ ਗੀਤ ਗਾਵੇਗਾ।
- ਅੱਛਾ, ਮੈਂ ਹੁਣ ਜਾਂਦਾ ਹਾਂ।
(v) ਛੋਟੇ-ਛੋਟੇ ਉਪ-ਵਾਕਾਂ ਨੂੰ ਜੋੜਨ ਲਈ :
- ਮਾਮਾ ਜੀ ਦੀਵਾਲ਼ੀ ‘ਤੇ ਸਾਡੇ ਘਰ ਆਏ, ਚਾਰ ਪੀਤੀ ਤੇ ਮਠਿਆਈਆਂ ਦੇ ਕੇ ਚਲੇ ਗਏ।
- ਅਸੀਂ ਸ਼ਹਿਰ ਗਏ, ਸਮਾਨ ਖ਼ਰੀਦਿਆ ਤੇ ਘਰ ਆ ਗਏ।
(vi) ਜਦੋਂ ਕੋਈ ਉਪ-ਵਾਕ ਜਾਂ ਵਾਕੰਸ਼ ਦੂਜੇ ਉਪ-ਵਾਕ ਦੇ ਵਿਚਕਾਰ ਆ ਜਾਵੇ :
- ਉਹ ਕੁੜੀ, ਜਿਹੜੀ ਬਹੁਤ ਹੁਸ਼ਿਆਰ ਸੀ, ਪੰਜਾਬ ਵਿੱਚੋਂ ਤੀਸਰੇ ਨੰਬਰ ‘ਤੇ ਆਈ ਹੈ।
(vii) ਜਦੋਂ ਵਾਕ ਦਾ ਕਰਤਾ ਲੰਮਾ ਹੋਵੇ :
- ਪੈਸੇ ਦੇ ਭੁੱਖੇ ਵਪਾਰੀ, ਹੱਦ ਦਰਜੇ ਦੇ ਬੇਈਮਾਨ ਹੁੰਦੇ ਹਨ।
ਕਾਮਾ (,) ਛੋਟੇ ਜਿਹੇ ਠਹਿਰਾਓ ਲਈ ਵਰਤਿਆ ਜਾਂਦਾ ਹੈ। ਇਹ ਵਾਕ ਨੂੰ ਸਾਫ਼ ਅਤੇ ਸਮਝਣ ਵਿੱਚ ਆਸਾਨ ਬਣਾਉਂਦਾ ਹੈ।
5. ਬਿੰਦੀ ਵਾਲ਼ਾ ਕਾਮਾ ਜਾਂ ਅਰਧ-ਵਿਸਰਾਮ ( ; )
ਜਦੋਂ ਕਿਸੇ ਵਾਕ ਵਿੱਚ ਠਹਿਰਾਓ ਕਾਮੇ (,) ਨਾਲੋਂ ਵੱਧ ਅਤੇ ਪੂਰਨ ਵਿਸਰਾਮ (| / .) ਨਾਲੋਂ ਘੱਟ ਹੋਵੇ, ਤਾਂ ਉੱਥੇ ਅਰਧ-ਵਿਸਰਾਮ ( ; ) ਵਰਤਿਆ ਜਾਂਦਾ ਹੈ।
ਅਰਧ-ਵਿਸਰਾਮ ( ; ) ਉੱਥੇ ਵਰਤਿਆ ਜਾਂਦਾ ਹੈ, ਜਿੱਥੇ ਵਾਕ ਵਿੱਚ ਥੋੜ੍ਹਾ ਵੱਡਾ ਠਹਿਰਾਓ ਲੋੜੀਂਦਾ ਹੋਵੇ, ਪਰ ਵਾਕ ਪੂਰਾ ਖਤਮ ਨਾ ਹੁੰਦਾ ਹੋਵੇ।
ਇਸ ਦੀ ਵਰਤੋਂ ਹੇਠ ਲਿਖੀਆਂ ਥਾਵਾਂ ‘ਤੇ ਕੀਤੀ ਜਾਂਦੀ ਹੈ :
(i) ਜਦੋਂ ਵੱਡੇ ਵਾਕ ਦੇ ਉਪ-ਵਾਕ ਆਪਸ ਵਿੱਚ ਸੰਬੰਧ ਰੱਖਦੇ ਹੋਣ :
ਜਦ ਕਿਸੇ ਵੱਡੇ ਵਾਕ ਵਿੱਚ ਅਜਿਹੇ ਉਪ-ਵਾਕ ਹੋਣ, ਜਿਹੜੇ ਹੋਣ ਵੀ ਪੂਰੇ, ਪਰ ਇੱਕ-ਦੂਜੇ ਨਾਲ਼ ਸੰਬੰਧ ਵੀ ਰੱਖਣ ਤਾਂ ਉਹਨਾਂ ਨੂੰ ਨਿਖੇੜਨ ਲਈ ਇਹ ਚਿੰਨ੍ਹ ਵਰਤਿਆ ਜਾਂਦਾ ਹੈ ; ਜਿਵੇਂ :
- ਪਰਮਾਤਮਾ ਬੇਅੰਤ ਹੈ ; ਉਹ ਸਿਰਜਣਹਾਰ ਵੀ ਹੈ ਤੇ ਪਾਲਣਹਾਰ ਵੀ ; ਉਸ ਦੀ ਰਜ਼ਾ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲਦਾ।
- ਮਨੁੱਖ ਕਈ ਪਰਪੰਚ ਕਰਕੇ ਧਨ ਇਕੱਠਾ ਕਰਦਾ ਹੈ ; ਆਪਣੇ ਪੁੱਤਾਂ-ਧੀਆਂ ਤੇ ਪਤਨੀ ਨੂੰ ਖ਼ੁਸ਼ ਕਰਦਾ ਹੈ ; ਉਹ ਭੁੱਲ ਜਾਂਦਾ ਹੈ ਕਿ ਉਸ ਨੂੰ ਆਖ਼ਿਰ ਪਰਮਾਤਮਾ ਕੋਲ ਹਿਸਾਬ ਦੇਣਾ ਪੈਣਾ ਹੈ।
(ii) ਜਦੋਂ ਕਿਸੇ ਗੱਲ ਦੀ ਉਦਾਹਰਨ ਦੇਣੀ ਹੋਵੇ :
ਜਦ ਕਿਸੇ ਗੱਲ ਨੂੰ ਸਮਝਣ ਲਈ ਉਦਾਹਰਨ ਦੇਣੀ ਹੋਵੇ ਤਾਂ ਸ਼ਬਦ ‘ਜਿਵੇਂ’ ਜਾਂ ‘ਜਿਹਾ ਕਿ’ ਆਦਿ ਤੋਂ ਪਹਿਲਾਂ ਇਹ ਚਿੰਨ੍ਹ ਵਰਤਿਆ ਜਾਂਦਾ ਹੈ ; ਜਿਵੇਂ :
- ਉਹ ਸ਼ਬਦ, ਜਿਹੜੇ ਨਾਂਵ ਦੀ ਥਾਂ ਵਰਤੇ ਜਾਣ, ਉਹਨਾਂ ਨੂੰ ਪੜਨਾਂਵ ਆਖਦੇ ਹਨ ; ਜਿਵੇਂ : ਉਹ, ਤੂੰ, ਤੁਸੀਂ ਅਤੇ ਉਹਨਾਂ, ਆਦਿ।
6. ਦੁਬਿੰਦੀ ( : )
ਦੁਬਿੰਦੀ (:) ਦੀ ਵਰਤੋਂ ਕਿਸੇ ਗੱਲ ਦੀ ਵਿਆਖਿਆ, ਉਦਾਹਰਨ ਜਾਂ ਕਿਸੇ ਦੇ ਕਹੇ ਸ਼ਬਦ ਲਿਖਣ ਲਈ ਕੀਤੀ ਜਾਂਦੀ ਹੈ।
(i) ਜਦੋਂ ਵਾਕ ਦਾ ਦੂਜਾ ਹਿੱਸਾ ਪਹਿਲੇ ਦੀ ਵਿਆਖਿਆ ਕਰੇ :
ਜਦ ਕਿਸੇ ਵਾਕ ਵਿੱਚ ਦੋ ਹਿੱਸੇ ਹੋਣ ; ਪਹਿਲਾ ਹਿੱਸਾ (ਵਾਕ) ਆਪਣੇ-ਆਪ ਵਿੱਚ ਅਰਥਾਂ ਵਜੋਂ ਪੂਰਾ ਹੋਵੇ ਤੇ ਦੂਜਾ ਹਿੱਸਾ (ਵਾਕ) ਪਹਿਲੇ ਦੀ ਵਿਆਖਿਆ ਕਰੇ ਤਾਂ ਉਹਨਾਂ ਨੂੰ ਨਿਖੇੜਨ ਲਈ ਪਹਿਲੇ ਹਿੱਸੇ (ਵਾਕ) ਦੇ ਅੰਤ ਵਿੱਚ ਦੁਬਿੰਦੀ ਲਾਈ ਜਾਂਦੀ ਹੈ ; ਜਿਵੇਂ :
- ਕਲਜੁਗ ਵਿੱਚ ਗੁਰੂ ਨਾਨਕ ਦੇਵ ਜੀ ਪਰਗਟ ਹੋਏ : ਝੂਠ ਮਿਟ ਗਿਆ ਅਤੇ ਸੰਸਾਰ ਵਿੱਚ ਚਾਨਣ ਦਾ ਪਸਾਰਾ ਹੋਇਆ।
(ii) ਜਦੋਂ ਕਿਸੇ ਦੇ ਕਹੇ ਹੋਏ ਸ਼ਬਦ ਜਿਉਂ ਦੇ ਤਿਉਂ ਲਿਖਣੇ ਹੋਣ :
ਜਦ ਕਿਸੇ ਦੇ ਕਹੇ ਹੋਏ ਸ਼ਬਦ ਇੰਨ-ਬਿੰਨ ਲਿਖਣੇ ਹੋਣ ਤਾਂ ਉਹਨਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਦੁਬਿੰਦੀ ਵਰਤੀ ਜਾਂਦੀ ਹੈ ; ਜਿਵੇਂ :
- ਹਾਸ਼ਮ ਸ਼ਾਹ ਨੇ ਕੋਹੀ ਪਰੇ ਦੀ ਗੱਲ ਆਖੀ ਹੈ :
“ਹਾਸਮ ਫ਼ਤਹਿ ਨਸੀਬ ਤਿਨ੍ਹਾਂ ਨੂੰ,
ਜਿਨ੍ਹਾਂ ਹਿੰਮਤ ਯਾਰ ਬਣਾਈ।”
(iii) ਜਦੋਂ ਸ਼ਬਦਾਂ ਨੂੰ ਸੰਖੇਪ ਰੂਪ ਵਿੱਚ ਲਿਖਣਾ ਹੋਵੇ :
- ਪ੍ਰੋਫੈਸਰ = ਪ੍ਰੋ.
- ਪ੍ਰਿੰਸੀਪਲ = ਪ੍ਰਿੰ.
- ਡਾਕਟਰ = ਡਾ.
- ਸਰਦਾਰ = ਸ.
ਦੁਬਿੰਦੀ (:) ਉੱਥੇ ਲਗਾਈ ਜਾਂਦੀ ਹੈ, ਜਿੱਥੇ ਅੱਗੇ ਕਿਸੇ ਗੱਲ ਦੀ ਵਿਆਖਿਆ, ਉਦਾਹਰਨ ਜਾਂ ਖਾਸ ਜਾਣਕਾਰੀ ਦਿੱਤੀ ਜਾਣੀ ਹੋਵੇ।
7. ਡੈਸ਼ (—)
ਡੈਸ਼ (—) ਦੀ ਵਰਤੋਂ ਵਾਕ ਵਿੱਚ ਅਚਾਨਕ ਆਈ ਗੱਲ, ਵਾਧੂ ਜਾਣਕਾਰੀ, ਟੁੱਟੀ ਹੋਈ ਬੋਲੀ ਜਾਂ ਵਾਰਤਾਲਾਪ ਦੱਸਣ ਲਈ ਕੀਤੀ ਜਾਂਦੀ ਹੈ।
(i) ਜਦੋਂ ਵਾਕ ਵਿੱਚ ਅਚਾਨਕ ਕੋਈ ਹੋਰ ਗੱਲ ਯਾਦ ਆ ਜਾਵੇ :
ਜਦ ਕਿਸੇ ਵਾਕ ਵਿੱਚ, ਇੱਕਦਮ ਯਾਦ ਆ ਜਾਣ ‘ਤੇ, ਕੋਈ ਅਸੰਬੰਧਤ ਗੱਲ ਕਹੀ ਜਾਵੇ ਤਾਂ ਉਸ (ਅਸੰਬੰਧਤ ਗੱਲ) ਦੇ ਪਹਿਲਾਂ ਡੈਸ਼ ਵਰਤੀ ਜਾਂਦੀ ਹੈ ; ਜਿਵੇਂ
- ਸ਼ਹੀਦ ਭਗਤ ਸਿੰਘ ਇੱਕ ਮਹਾਨ ਵਿਚਾਰਧਾਰਕ ਵੀ ਸਨ—ਹਾਂ ਸੱਚ, ਉਹਨਾਂ ਦਾ ਜਨਮ ਹੀ ਇਨਕਲਾਬੀ ਪਰਿਵਾਰ ਵਿੱਚ ਹੋਇਆ ਸੀ।
(ii) ਜਦੋਂ ਵਾਕ ਵਿੱਚ ਕੋਈ ਵਾਧੂ ਗੱਲ ਦੱਸਣੀ ਹੋਵੇ :
ਜਦ ਕਿਸੇ ਵਾਕ ਵਿੱਚ ਕੋਈ ਵਾਧੂ ਗੱਲ ਕਹਿਣੀ ਹੋਵੇ ਤਾਂ ਉਸ ਦੇ ਦੋਵੀਂ ਪਾਸੀਂ ਡੈਸ਼ ਪਾਈ ਜਾਂਦੀ ਹੈ ; ਜਿਵੇਂ :
- ਮੇਰੇ ਵਿਚਾਰ ਅਨੁਸਾਰ—ਜ਼ਰਾ ਧਿਆਨ ਦੇਣਾ—ਇਹ ਪੰਜਾਬੀ ਹੀ ਸਨ, ਜਿਨ੍ਹਾਂ ਨੇ ਸਿਕੰਦਰ ਮਹਾਨ ਦੇ ਵੀ ਦੰਦ ਖੱਟੇ ਕਰ ਦਿੱਤੇ ਸਨ।
(iii) ਜਦੋਂ ਟੁੱਟੀ ਹੋਈ ਜਾਂ ਹੜਬੜਾਹਟ ਭਰੀ ਗੱਲ ਦੱਸਣੀ ਹੋਵੇ :
ਜਦ ਕਿਸੇ ਥਥਲੀ ਜਾਂ ਹਟਕੋਰਿਆਂ ਭਰੀ ਗੱਲ ਨੂੰ ਦੱਸਣਾ ਹੋਵੇ ; ਜਿਵੇਂ :
- ਹਾਦਸੇ ਵਿੱਚ ਫੱਟੜ ਹੋਏ ਆਦਮੀ ਨੇ ਚੀਕਾਂ ਮਾਰ ਕੇ ਕਿਹਾ—“ਉ-ਈ ਮੈਂ ਗਿ-ਆ—ਬ-ਚਾਓ।”
(iv) ਨਾਟਕਾਂ ਜਾਂ ਵਾਰਤਾਲਾਪ ਵਿੱਚ ਪਾਤਰਾਂ ਦੀ ਗੱਲਬਾਤ ਦੱਸਣ ਲਈ :
ਜਦ ਨਾਟਕਾਂ ਵਿੱਚ ਪਾਤਰਾਂ ਦੀ ਵਾਰਤਾਲਾਪ ਲਿਖਣੀ ਹੋਵੇ ; ਜਿਵੇਂ :
- ਠਾਣੇਦਾਰ — ਇਹ ਚੋਰੀ ਤੂੰ ਹੀ ਕੀਤੀ ਹੈ।
- ਬਲਕਾਰ — ਨਹੀਂ ਜਨਾਬ, ਮੈਂ ਤਾਂ ਹਫ਼ਤੇ ਤੋਂ ਪਿੰਡ ਵਿੱਚ ਹੀ ਨਹੀਂ ਸੀ।
- ਸਰਪੰਚ — ਠਾਣੇਦਾਰ ਸਾਹਿਬ, ਬਲਕਾਰ ਤਾਂ ਬਹੁਤ ਚੰਗਾ ਆਦਮੀ ਹੈ।
ਨੋਟ :
ਕਈ ਥਾਵਾਂ ‘ਤੇ ਦੁਬਿੰਦੀ (:) ਦੀ ਥਾਂ ਡੈਸ਼ (—) ਵੀ ਵਰਤੀ ਜਾ ਸਕਦੀ ਹੈ।
ਡੈਸ਼ (—) ਉੱਥੇ ਵਰਤਿਆ ਜਾਂਦਾ ਹੈ, ਜਿੱਥੇ ਵਾਕ ਵਿੱਚ ਅਚਾਨਕ ਰੁਕਾਵਟ, ਵਾਧੂ ਜਾਣਕਾਰੀ ਜਾਂ ਗੱਲਬਾਤ ਦਿਖਾਉਣੀ ਹੋਵੇ।
8. ਦੁਬਿੰਦੀ ਡੈਸ਼ ( :- )
ਦੁਬਿੰਦੀ ਡੈਸ਼ (:-) ਦੀ ਵਰਤੋਂ ਕਿਸੇ ਵੇਰਵੇ, ਉਦਾਹਰਨ ਜਾਂ ਕਿਸੇ ਦੇ ਕਹੇ ਸ਼ਬਦਾਂ ਨੂੰ ਸ਼ੁਰੂ ਕਰਨ ਲਈ ਕੀਤੀ ਜਾਂਦੀ ਹੈ।
(i) ਜਦੋਂ ਕਿਸੇ ਚੀਜ਼ਾਂ ਦੀ ਸੂਚੀ ਜਾਂ ਵੇਰਵਾ ਦੇਣਾ ਹੋਵੇ :
ਜਦ ਕੁਝ ਚੀਜ਼ਾਂ ਦਾ ਵੇਰਵਾ ਦੇਣਾ ਹੋਵੇ ਤਾਂ ਉਸ (ਵੇਰਵੇ) ਤੋਂ ਪਹਿਲਾਂ ਦੁਬਿੰਦੀ ਡੈਸ਼ ਵਰਤੀ ਜਾਂਦੀ ਹੈ ; ਜਿਵੇਂ:
- ਪਿਤਾ ਜੀ, ਸ਼ਹਿਰੋਂ ਇਹ ਚੀਜ਼ਾਂ ਜ਼ਰੂਰ ਲਿਆਉਣੀਆਂ :-
(1) ਦੋ ਜੋੜੇ ਜੁਰਾਬਾਂ;
(2) ਦੋ ਪੈੱਨ;
(3) ਦੋ ਦਰਜਨ ਕੇਲੇ।
(ii) ਜਦੋਂ ਉਦਾਹਰਨ ਦੇਣੀ ਹੋਵੇ :
ਜਦ ਕਿਸੇ ਗੱਲ ਨੂੰ ਸਮਝਣ ਲਈ ਉਦਾਹਰਨ ਦੇਣੀ ਹੋਵੇ ਤਾਂ ‘ਜਿਵੇਂ’ ਜਾਂ ‘ਜਿਹਾ ਕਿ’ ਦੇ ਬਾਅਦ ਇਹ ਚਿੰਨ੍ਹ ਵਰਤਿਆ ਜਾਂਦਾ ਹੈ ; ਜਿਵੇਂ :—
- ਨਾਂਵ ਦੀ ਥਾਂ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਪੜਨਾਂਵ ਕਿਹਾ ਜਾਂਦਾ ਹੈ ; ਜਿਵੇਂ :-
ਉਹ, ਉਸ ਦਾ, ਉਹਨਾਂ, ਤੁਹਾਡਾ, ਉਸ ਨੂੰ, ਇਹ, ਆਦਿ।
(iii) ਜਦੋਂ ਕਿਸੇ ਦੇ ਕਹੇ ਹੋਏ ਸ਼ਬਦ ਲਿਖਣੇ ਹੋਣ :
ਜਦ ਕਿਸੇ ਦੇ ਕਹੇ ਹੋਏ ਸ਼ਬਦ ਲਿਖਣੇ ਹੋਣ ਤਾਂ ਉਹਨਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਹ ਚਿੰਨ੍ਹ ਲਾਇਆ ਜਾਂਦਾ ਹੈ ; ਜਿਵੇਂ:
- ਮਹਾਨ ਕਿੱਸਾਕਾਰ ਵਾਰਸ ਸ਼ਾਹ ਨੇ ਲਿਖਿਆ ਹੈ :-
“ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ,
ਭਾਵੇਂ ਕੱਈਏ ਪੋਰੀਆਂ ਪੋਰੀਆਂ ਜੀ।”
ਨੋਟ :
ਕਈ ਥਾਵਾਂ ‘ਤੇ ਦੁਬਿੰਦੀ ਡੈਸ਼ (:-) ਦੀ ਥਾਂ ਸਿਰਫ਼ ਦੁਬਿੰਦੀ (:) ਵੀ ਵਰਤੀ ਜਾ ਸਕਦੀ ਹੈ।
ਦੁਬਿੰਦੀ ਡੈਸ਼ (:-) ਉੱਥੇ ਵਰਤੀ ਜਾਂਦੀ ਹੈ, ਜਿੱਥੇ ਅੱਗੇ ਕੋਈ ਸੂਚੀ, ਉਦਾਹਰਨ ਜਾਂ ਖਾਸ ਗੱਲ ਲਿਖਣੀ ਹੋਵੇ।
9. ਪੁੱਠੇ ਕਾਮੇ ( ‘ ’ / “ ” )
ਪੁੱਠੇ ਕਾਮੇ ਦੋ ਤਰ੍ਹਾਂ ਦੇ ਹੁੰਦੇ ਹਨ :
- ਦੂਹਰੇ ਪੁੱਠੇ ਕਾਮੇ — “ ”
- ਇਕਹਿਰੇ ਪੁੱਠੇ ਕਾਮੇ — ‘ ’
(i) ਦੂਹਰੇ ਪੁੱਠੇ ਕਾਮੇ (“ ”)
ਜਦੋਂ ਕਿਸੇ ਦੀ ਗੱਲ ਨੂੰ ਜਿਉਂ ਦੀ ਤਿਉਂ (ਹੂ-ਬ-ਹੂ) ਲਿਖਣਾ ਹੋਵੇ, ਤਾਂ ਦੂਹਰੇ ਪੁੱਠੇ ਕਾਮੇ ਵਰਤੇ ਜਾਂਦੇ ਹਨ।
ਉਦਾਹਰਨ :
- ਅਧਿਆਪਕ ਨੇ ਵਿਦਿਆਰਥੀਆਂ ਨੂੰ ਕਿਹਾ, “ਅਗਲੇ ਸੋਮਵਾਰ ਪਹਿਲੇ ਦੋ ਪਾਠਾਂ ਵਿੱਚੋਂ ਇਮਤਿਹਾਨ ਲਿਆ ਜਾਵੇਗਾ।”
- ਸਵਰਗਵਾਸੀ ਰਾਸ਼ਟਰਪਤੀ ‘ਏ.ਪੀ.ਜੇ. ਅਬਦੁਲ ਕਲਾਮ’ ਜੀ ਨੇ ਕਿਹਾ ਸੀ, “ਸਹੀ ਸੁਪਨੇ ਉਹ ਹੁੰਦੇ ਹਨ, ਜੋ ਜਾਗਦਿਆਂ ਵੇਖੇ ਜਾਂਦੇ ਹਨ।”
(ii) ਇਕਹਿਰੇ ਪੁੱਠੇ ਕਾਮੇ (‘ ’)
ਜਦੋਂ ਕਿਸੇ ਮਹਾਨ ਵਿਅਕਤੀ, ਰਸਾਲੇ, ਅਖ਼ਬਾਰ ਜਾਂ ਪੁਸਤਕ ਦਾ ਨਾਂ ਲਿਖਣਾ ਹੋਵੇ, ਤਾਂ ਉਹ ਇਕਹਿਰੇ ਪੁੱਠੇ ਕਾਮਿਆਂ ਵਿੱਚ ਲਿਖਿਆ ਜਾਂਦਾ ਹੈ।
ਉਦਾਹਰਨ :
- ਸ੍ਰੀ ਗੁਰਬਖ਼ਸ਼ ਸਿੰਘ ‘ਪ੍ਰੀਤਲੜੀ’ ਨੇ ‘ਪ੍ਰੀਤਲੜੀ’ ਰਸਾਲਾ ਸ਼ੁਰੂ ਕੀਤਾ ਸੀ।
- ਨਾਨਕ ਸਿੰਘ ਦਾ ਨਾਵਲ ‘ਪਵਿੱਤਰ ਪਾਪੀ’ ਬਹੁਤ ਪ੍ਰਸਿੱਧ ਹੈ।
“ ” → ਕਿਸੇ ਦੀ ਕਹੀ ਗੱਲ ਲਿਖਣ ਲਈ
‘ ’ → ਕਿਸੇ ਖਾਸ ਨਾਂ ਜਾਂ ਪੁਸਤਕ/ਰਸਾਲੇ ਦਾ ਨਾਂ ਲਿਖਣ ਲਈ
10. ਜੋੜਨੀ ( – )
ਜੋੜਨੀ (-) ਦੀ ਵਰਤੋਂ ਦੋ ਸ਼ਬਦਾਂ ਜਾਂ ਸ਼ਬਦਾਂ ਦੇ ਭਾਗਾਂ ਨੂੰ ਜੋੜਨ ਲਈ ਕੀਤੀ ਜਾਂਦੀ ਹੈ।
(i) ਸਮਾਸੀ ਜਾਂ ਮਿਲੇ ਹੋਏ ਸ਼ਬਦਾਂ ਵਿੱਚ :
ਸਮਾਸੀ ਸ਼ਬਦਾਂ ਵਿੱਚ ਜੋੜਨੀ ਵਰਤੀ ਜਾਂਦੀ ਹੈ ; ਜਿਵੇਂ
- ਹੱਥ-ਕੰਡੇ
- ਦਿਨ-ਰਾਤ
- ਆਪ-ਹੁਦਰਾ
- ਨਵਾਂ-ਨਕੋਰ
- ਰੋ-ਰੋ
- ਹੁਣੇ-ਹੁਣੇ
(ii) ਜਦੋਂ ਸਤਰ ਦੇ ਅੰਤ ਵਿੱਚ ਥਾਂ ਘੱਟ ਰਹਿ ਜਾਵੇ :
ਜੇ ਪੂਰਾ ਸ਼ਬਦ ਇੱਕ ਹੀ ਲਾਈਨ ਵਿੱਚ ਨਾ ਆ ਸਕੇ, ਤਾਂ ਸ਼ਬਦ ਦੇ ਅੱਧੇ ਭਾਗ ਤੋਂ ਬਾਅਦ ਜੋੜਨੀ (-) ਲਗਾ ਕੇ ਬਾਕੀ ਭਾਗ ਅਗਲੀ ਸਤਰ ਵਿੱਚ ਲਿਖਿਆ ਜਾਂਦਾ ਹੈ।
ਉਦਾਹਰਨ :
- ਵਿਸਰਾਮ = ਵਿ-ਸਰਾਮ
- ਮਨਪਸੰਦ = ਮਨ-ਪਸੰਦ
- ਸਿਰਜਣਹਾਰ = ਸਿਰਜਣ-ਹਾਰ
ਜੋੜਨੀ (-) ਦੋ ਸ਼ਬਦਾਂ ਨੂੰ ਜੋੜਨ ਜਾਂ ਲੰਮੇ ਸ਼ਬਦ ਨੂੰ ਦੋ ਲਾਈਨਾਂ ਵਿੱਚ ਵੰਡਣ ਲਈ ਵਰਤੀ ਜਾਂਦੀ ਹੈ।
11. ਬਰੈਕਟ ( ) [ ]
ਬਰੈਕਟਾਂ ਦੀ ਵਰਤੋਂ ਵਾਕ ਵਿੱਚ ਕਿਸੇ ਸ਼ਬਦ, ਵਾਕੰਸ਼ ਜਾਂ ਵਾਧੂ ਜਾਣਕਾਰੀ ਨੂੰ ਸਪਸ਼ਟ ਕਰਨ ਲਈ ਕੀਤੀ ਜਾਂਦੀ ਹੈ।
(i) ਜਦੋਂ ਕਿਸੇ ਸ਼ਬਦ, ਵਾਕੰਸ਼ ਜਾਂ ਮੁਹਾਵਰੇ ਦਾ ਅਰਥ ਦੱਸਣਾ ਹੋਵੇ :
ਜਦੋਂ ਕਿਸੇ ਵਿਚਾਰ ਨੂੰ ਕੁਝ ਹਿੱਸਿਆਂ ਵਿੱਚ ਵੰਡਿਆ ਜਾਵੇ ਤਾਂ ਉਹਨਾਂ ਲਈ ਵਰਤੇ ਗਏ ‘ਅੰਕ’ (ਨੰਬਰ) ਜਾਂ ‘ਅੱਖਰ’ ਬੈਕਟਾਂ ਵਿੱਚ ਲਿਖੇ ਜਾਂਦੇ ਹਨ ; ਜਿਵੇਂ :
- ਇਹ ਔਰਤ ਰਾਮੋ ਦੀ ਘਰਵਾਲੀ (ਪਤਨੀ) ਹੈ।
- ਬੰਗਾਲ ਵਿੱਚ ਸਿੱਖਾਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ (ਬਹੁਤ ਘੱਟ) ਹੈ।
(ii) ਜਦੋਂ ਵਿਚਾਰਾਂ ਨੂੰ ਹਿੱਸਿਆਂ ਵਿੱਚ ਵੰਡਣਾ ਹੋਵੇ :
ਜਦੋਂ ਕਿਸੇ ਵਿਚਾਰ ਨੂੰ ਕੁਝ ਹਿੱਸਿਆਂ ਵਿੱਚ ਵੰਡਿਆ ਜਾਵੇ ਤਾਂ ਉਹਨਾਂ ਲਈ ਵਰਤੇ ਗਏ ‘ਅੰਕ’ (ਨੰਬਰ) ਜਾਂ ‘ਅੱਖਰ’ ਬ੍ਰੈਕਟਾਂ ਵਿੱਚ ਲਿਖੇ ਜਾਂਦੇ ਹਨ ; ਜਿਵੇਂ :
ਅੰਕ :
- (1), (2), (3), (4), (5) ਆਦਿ।
ਅੱਖਰ :
- (ੳ), (ਅ), (ੲ), (ਸ), (ਹ) ਆਦਿ।
(iii) ਨਾਟਕ ਜਾਂ ਵਾਰਤਾਲਾਪ ਵਿੱਚ ਲੇਖਕ ਵੱਲੋਂ ਦਿੱਤੀ ਜਾਣਕਾਰੀ ਲਈ :
ਜਦੋਂ ਨਾਟਕ ਜਾਂ ਉਲਥੇ ਵਿੱਚ ਕੁਝ ਸ਼ਬਦ ਲੇਖਕ ਵੱਲੋਂ ਲਿਖੇ ਜਾਣ ਤਾਂ ਉਹ ਬ੍ਰੈਕਟ ਵਿੱਚ ਰੱਖੇ ਜਾਂਦੇ ਹਨ ; ਜਿਵੇਂ:
- ਠਾਣੇਦਾਰ : (ਗੁੱਸੇ ਨਾਲ਼) ਮੇਰੇ ਸਾਹਮਣੇ ਤਾਂ ਵੱਡੇ-ਵੱਡੇ ਸੱਚ ਬੋਲ ਦੇਂਦੇ ਹਨ।
- ਸਿਪਾਹੀ : (ਠਾਣੇਦਾਰ ਦੇ ਨੇੜੇ ਹੁੰਦਾ) ਜਨਾਬ, ਇਹ ਸਿਰੇ ਦਾ ਝੂਠਾ ਹੈ।
ਬਰੈਕਟ ( ) ਜਾਂ [ ] ਵਿੱਚ ਉਹ ਗੱਲ ਲਿਖੀ ਜਾਂਦੀ ਹੈ, ਜੋ ਕਿਸੇ ਸ਼ਬਦ ਦਾ ਅਰਥ, ਵਾਧੂ ਜਾਣਕਾਰੀ ਜਾਂ ਹਾਲਤ ਸਪਸ਼ਟ ਕਰੇ।
12. ਛੋਟ-ਮਰੋੜੀ ( ‘ )
ਜਦੋਂ ਕਿਸੇ ਸ਼ਬਦ ਦੇ ਇੱਕ ਜਾਂ ਵੱਧ ਅੱਖਰ ਛੱਡ ਕੇ ਸ਼ਬਦ ਨੂੰ ਛੋਟੇ ਰੂਪ ਵਿੱਚ ਲਿਖਿਆ ਜਾਵੇ, ਤਾਂ ਉੱਥੇ ਛੋਟ-ਮਰੋੜੀ ( ‘ ) ਵਰਤੀ ਜਾਂਦੀ ਹੈ।
ਉਦਾਹਰਨ :
- ਵਿੱਚੋਂ = ‘ਚੋਂ
- ਇਕੱਠੇ = ‘ਕੱਠੇ
- ਉੱਤੇ = ‘ਤੋਂ
- ਸਹਿਤੂਤ = ‘ਤੂਤ
ਛੋਟ-ਮਰੋੜੀ (‘) ਉਸ ਥਾਂ ਲਗਾਈ ਜਾਂਦੀ ਹੈ, ਜਿੱਥੇ ਸ਼ਬਦ ਦੇ ਕੁਝ ਅੱਖਰ ਛੱਡੇ ਗਏ ਹੋਣ।
13. ਬਿੰਦੀ ( . )
ਬਿੰਦੀ (.) ਦੀ ਵਰਤੋਂ ਸੰਖੇਪ ਸ਼ਬਦਾਂ, ਡਿਗਰੀਆਂ ਅਤੇ ਨੰਬਰਾਂ ਨਾਲ ਕੀਤੀ ਜਾਂਦੀ ਹੈ।
(i) ਸ਼ਬਦਾਂ ਨੂੰ ਸੰਖੇਪ ਰੂਪ ਵਿੱਚ ਲਿਖਣ ਲਈ :
ਇਸ ਦੀ ਵਰਤੋਂ ਸ਼ਬਦਾਂ ਨੂੰ ਸੰਖੇਪ ਰੂਪ ਵਿੱਚ ਲਿਖਣ ਲਈ ਕੀਤੀ ਜਾਂਦੀ ਹੈ, ਜਿਵੇਂ :
- ਐੱਮ.ਪੀ. (ਮੈਂਬਰ ਪਾਰਲੀਮੈਂਟ)
- ਡੀ.ਸੀ. (ਡਿਪਟੀ ਕਮਿਸ਼ਨਰ)
(ii) ਡਿਗਰੀਆਂ ਨਾਲ :
- ਬੀ.ਏ.
- ਐੱਮ.ਏ.
- ਐੱਮ.ਬੀ.ਬੀ.ਐੱਸ.
- ਪੀ.ਐੱਚ.ਡੀ.
(iii) ਨੰਬਰਾਂ ਦੇ ਨਾਲ :
ਜਦੋਂ ਨੰਬਰ ਲਿਖਣੇ ਹੋਣ ਤਾਂ ਉਹਨਾਂ ਅੱਗੇ ਬਿੰਦੀ ਲੱਗਦੀ ਹੈ ; ਜਿਵੇਂ :
1., 2., 3., 4., ਆਦਿ।
ਬਿੰਦੀ (.) ਜ਼ਿਆਦਾਤਰ ਸੰਖੇਪ ਸ਼ਬਦਾਂ, ਡਿਗਰੀਆਂ ਅਤੇ ਨੰਬਰਾਂ ਨਾਲ ਵਰਤੀ ਜਾਂਦੀ ਹੈ।
ਹੋਰ similar ਅਤੇ ਬਹੁਤ ਮਹੱਤਵਪੂਰਨ ਪੰਜਾਬੀ ਵਿਆਕਰਨ ਦੇ ਵਿਸ਼ੇ, ਜਿਨ੍ਹਾਂ ਨੂੰ ਤੁਹਾਨੂੰ ਵੀ ਸਿੱਖਣਾ ਚਾਹੀਦਾ ਹੈ।
- ਵਿਸਮਕ (Interjection)
- ਯੋਜਕ (Conjunction)
- ਸੰਬੰਧਕ (Preposition)
- ਕਿਰਿਆ-ਵਿਸ਼ੇਸ਼ਣ (Adverb)
- ਕਾਲ (Tense)
- ਕਿਰਿਆ (Verb)
- ਵਿਸ਼ੇਸ਼ਣ (Adjective)
- ਪੜਨਾਂਵ
- ਕਾਰਕ
- ਵਚਨ
- ਲਿੰਗ
- ਨਾਂਵ
- ਬਹੁ-ਅਰਥਕ ਸ਼ਬਦ
- ਅਰਥ-ਬੋਧ(Arth-Bodh)
- ਪਿਛੇਤਰ
- ਉਤਪੰਨ ਸ਼ਬਦ
- ਸ਼ਬਦ-ਰਚਨਾ ਤੇ ਸਮਾਸੀ ਸ਼ਬਦ
- ਤਤਸਮ ਸ਼ਬਦ











